ਸਿਹਤਯਾਬ ਹੋਏ ਕੈਬਨਿਟ ਮੰਤਰੀ ਈ.ਟੀ.ਓ ਨੂੰ ਹਸਪਤਾਲੋਂ ਮਿਲੀ ਛੁੱਟੀ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਪਿਛਲੇ ਕੁੱਝ ਦਿਨਾਂ ਤੋਂ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਡੇਂਗੂ ਪੀੜ੍ਹਤ ਹਰਭਜਨ ਸਿੰਘ ਈ.ਟੀ.ਓ ਪੂਰੀ ਤਰ੍ਹਾਂ
ਸਿਹਤਯਾਬ ਹੋ ਗਏ ਹਨ ਅਤੇ ਉਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।ਕੈਬਨਿਟ ਮੰਤਰੀ ਨੇ ਡਾਕਟਰਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਡੇਂਗੂ ਦਾ ਵਧੀਆ ਇਲਾਜ਼ ਹੋ ਰਿਹਾ ਹੈ ਅਤੇ ਡੇਂਗੂ ਦੇ ਸਾਰੇ ਟੈਸਟ ਵੀ ਮੁਫ਼ਤ ਹੁੰਦੇ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਵਰਗੀ ਬਿਮਾਰੀ ਤੋਂ ਬਚ ਕੇ ਰਹਿਣ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਡੇਂਗੂ ਤੋਂ ਬਚਿਆ ਜਾ ਸਕੇ।ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ ਦੀ ਕੋਈ ਕਮੀ ਨਹੀਂ ਹੈ ਅਤੇ ਮਾਹਿਰ ਡਾਕਟਰ ਡੇਂਗੂ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ।
ਬਿਜਲੀ ਮੰਤਰੀ ਨੇ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਵਿਖੇ ਆਈ.ਸੀ.ਯੂ ਬਿਲਡਿੰਗ ਦੇ ਥੱਲੇ 1000 ਕਿਲੋਵਾਟ ਦੇ 47 ਸਾਲ ਪੁਰਾਣੇ 2 ਬਿਜਲੀ ਟਰਾਂਸਫਾਰਮਰ ਲੱਗੇ ਹੋਏ ਸਨ, ਜਿਸ ਨਾਲ ਕਿ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ ਨੂੰ ਤੁਰੰਤ ਬਦਲਣ ਦੇ ਆਦੇਸ਼ ਜਾਰੀ ਕੀਤੇ ਅਤੇ ਕਿਹਾ ਕਿ 60 ਲੱਖ ਰੁਪਏ ਦੀ ਲਾਗਤ ਨਾਲ 4 ਨਵੇਂ 500 ਕਿਲੋਵਾਟ ਦੇ ਬਿਜਲੀ ਟਰਾਂਸਫਾਰਮਰ ਇਥੇ ਸਥਾਪਿਤ ਕੀਤੇ ਜਾਣਗੇ।ਬਿਜਲੀ ਮੰਤਰੀ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਇਸੇ ਹਸਪਤਾਲ ਵਿੱਚ ਬਿਜਲੀ ਦੇ 2 ਟਰਾਂਸਫਾਰਮਰਾਂ ਨੂੰ ਅੱਗ ਲੱਗ ਗਈ ਸੀ, ਪਰੰਤੂ ਕੋਈ ਜਾਨੀ ਮਾਲ ਨੁਕਸਾਨ ਹੋਣ ਤੋਂ ੱਚ ਗਿਆ ਸੀ।ਰਾਤੋ ਰਾਤ ਦੋਨੋ ਟਰਾਂਸਫਾਰਮਾਂ ਨੂੰ ਬਦਲ ਦਿੱਤਾ ਗਿਆ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਈ ਵੀ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ।
ਪਿ੍ਰੰਸੀਪਲ ਮੈਡੀਕਲ ਕਾਲਜ ਡਾ. ਵੀਨਾ ਚਤਰਥ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਡੈਂਟਲ ਕਾਲਜ ਵਿਚ ਸਥਾਪਿਤ 66 ਕੇ.ਵੀ ਸਬ ਸਟੇਸ਼ਨ ਦਾ ਲੋਡ ਵਧਾਉਣ ਦੀ ਜ਼ਰੂਰਤ ਹੈ, ਜਿਸ ‘ਤੇ ਤੁਰੰਤ ਹੁਕਮ ਜਾਰੀ ਕਰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਇਥੇ 20 ਐਮ.ਵੀ.ਏ ਦਾ ਟਰਾਂਸਫਾਰਮਰ ਲਗਾ ਦਿੱਤਾ ਜਾਵੇਗਾ।ਜਿਸ ‘ਤੇ 2.15 ਕਰੋੜ ਰੁਪਏ ਖਰਚ ਆਉਣਗੇ ਅਤੇ 12.5 ਲੱਖ ਰੁਪਏ ਦੀ ਲਾਗਤ ਨਾਲ 66 ਕੇ.ਵੀ ਦੇ ਨਵੇਂ 6 ਬੇਕਰ ਵੀ ਲਗਾਏ ਜਾਣਗੇ। ਦੱਸਣਯੋਗ ਹੈ ਕਿ ਇਸ ਮੌਕੇ ਡਾਇਰੈਕਟਰ ਵੰਡ ਪੀ.ਐਸ.ਪੀ.ਸੀ.ਐਲ ਪਟਿਆਲਾ ਡੀ.ਪੀ.ਐਸ ਗਰੇਵਾਲ ਉਚੇਚੇ ਤੋਰ ‘ਤੇ ਪੁੱਜੇ ਹੋਏ ਸਨ, ਜਿਨਾਂ ਨੇ ਡਾਕਟਰਾਂ ਦੇ ਨਾਲ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਕਿਹਾ ਕਿ ਬਿਜਲੀ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ ਅਤੇ ਪੁਰਾਣੇ ਟਰਾਂਸਫਰਮਰਾਂ ਨੂੰ ਬਦਲ ਦਿੱਤਾ ਜਾਵੇਗਾ।
ਇਸ ਮੌਕੇ ਡੀ.ਐਮ.ਆਰ.ਆਈ ਪੰਜਾਬ ਅਵਨੀਸ਼ ਕੁਮਾਰ, ਨੋਡਲ ਅਫ਼ਸਰ ਡੀ.ਐਮ.ਆਰ.ਆਈ ਡਾ. ਜਸਬੀਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ, ਡਾ. ਨਿਰਮਾਣ ਸਿੰਘ ਤੋਂ ਇਲਾਵਾ ਹੋਰ ਡਾਕਟਰ ਵੀ ਹਾਜ਼ਰ ਸਨ।
Punjab Post Daily Online Newspaper & Print Media