ਲਾਪਤਾ ਕੀਤੇ ਨੌਜਵਾਨਾਂ ਦੀਆਂ ਯਾਦਗਾਰਾਂ ਬਨਣ ਤੇ ਘੱਟ ਗਿਣਤੀਆਂ ਇਕ ਮੰਚ ਤੇ ਇੱਕਠੀਆਂ ਹੋਣ- ਜਨਾਬ ਇਮਰੋਜ਼

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖਾਲਸਾ ਵਲੋਂ ਕੈਂਡਲ ਮਾਰਚ ਕੀਤਾ ਗਿਆ ਅਤੇ ਰੈਲੀ ਵਿੱਚ ਸ਼ਾਮਿਲ ਸਮੁੱਚੀਆਂ ਜਥੇਬੰਦੀਆਂ ਨੇ ਪੁੱਜੇ ਪ੍ਰੂੀਵਾਰਾਂ ਸਾਹਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਗਈ ।ਵਿਸ਼ਾਲ ਰੈਲੀ ਦੌਰਾਨ ਬੁਲਾਰਿਆਂ ਨੇ ਜੋਰ ਦਿੱਤਾ ਕਿ ਸਰਕਾਰੀ ਤਸ਼ਦਦ ਦੇ ਸ਼ਿਕਾਰ ਲੋਕਾਂ ਦੀਆਂ ਢੁੱਕਵੀਆਂ ਯਾਦਗਾਰਾਂ ਉਸਾਰੇ ਜਾਣ ਦੇ ਨਾਲ-ਨਾਲ ਸਰਕਾਰ ਨੂੰ 1984 ਤੋਂ ਬਾਅਦ ਪੁਲਿਸ ਤੇ ਸੁਰੱਖਿਆ ਬਲਾਂ ਦੁਆਰਾ ਗਾਇਬ ਕੀਤੇ ਵਿਅਕਤੀਆਂ ਦੇ ਵੇਰਵੇ ਦਾ ਦਸਤਾਵੇਜ ਜਾਰੀ ਕਰਨ ਦੀ ਮੰਗ ਕੀਤੀ।ਇਸ ਤੋਂ ਇਲਾਵਾ ਇੱਕ ਅਜੇਹੀ ਸੰਸਥਾ ਦੇ ਗਠਨ ਤੇ ਵੀ ਜੋਰ ਦਿੱਤਾ ਗਿਆ ਜੋ ਅਜਿਹੇ ਪੀੜਤ ਪ੍ਰੀਵਾਰਾਂ ਦੀ ਸਾਂਝੀ ਅਵਾਜ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਠਾ ਸਕੇ।ਇਤਿਹਾਸਕ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਬਾਹਰ ਅਯੋਜਿਤ ਸਮਾਗਮ ਮੌਕੇ ਸਟੇਜ ਤੇ 500 ਦੇ ਕਰੀਬ ਉਨ੍ਹਾਂ ਸਿੱਖ ਨੁੌਜਆਨਾਂ, ਬੱਚਿਆਂ, ਬੀਬੀਆਂ ਤੇ ਬਜੁੱਰਗਾਂ ਦੀਆਂ ਤਸਵੀਰਾਂ ਵੀ ਰੱਖੀਆਂ ਗਈਆਂ, ਜਿਨ੍ਹਾਂ ਨੂੰ ਪਿਛਲੇ 3 ਦਹਾਕਿਆਂ ਦੌਰਾਨ ਪੁਲਿਸ ਤੇ ਸੁਰੱਖਿਆ ਦਸਤਿਆਂ ਵਲੋਂ ਲਾਵਾਰਿਸ ਕਹਿ ਕੇ ਖਤਮ ਕਰ ਦਿੱਤਾ ਗਿਆ ਸੀ। ਦਲ ਖਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 3 ਦਹਾਕਿਆਂ ਦੌਰਾਨ ਗਾਇਬ ਕੀਤੇ ਅਤੇ ਮਾਰੇ ਗਏ ਲੋਕਾਂ ਲਈ ਇਕੱਲੀ ਪੁਲਿਸ ਦੋਸ਼ੀ ਨਹੀ ਹੈ, ਬਲਕਿ ਇਸ ਲਈ ਭਾਰਤ ਸਰਕਾਰ ਤੇ ਇਸ ਦੀ ਪਾਰਲੀਮੈਂਟ ਦੋਸ਼ੀ ਹੈ, ਜਿਸ ਨੇ ਇਹ ਸਭ ਕਰਨ ਦੀ ਖੁੱਲ ਦਿੱਤੀ ।ਉਨ੍ਹਾਂ ਕਿਹਾ ਕਿ ਸਾਡੀ ਪੀੜ ਦੇ 30 ਸਾਲ ਹੋ ਗਏ ਹਨ ,ਇਨਸਾਫ ਕਿਸੇ ਦੇਣਾ ਨਹੀ ਕਿਉਂਕਿ ਕਾਤਲ ਹੀ ਖੁਦ ਨੂੰ ਦੋਸ਼ੀ ਕਿਉਂ ਠਹਿਰਾਏਗਾ ,ਇਸ ਲਈ ਕਿਸੇ ਵੀ ਸਰਕਾਰ ਕੋਲੋਂ ਇਹ ਮੰਗ ਕਰਨੀ ਬੰਦ ਕਰ ਦਿਉ ।
ਉਨਾਂ ਕਿਹਾ ਕਿ ਭਾਰਤੀ ਮੀਡੀਆ ਵੀ ਬਰਾਬਰ ਦਾ ਦੋਸ਼ੀ ਹੈ ਜਿਸ ਨੇ ਪੁਲਿਸ ਦੀ ਬੋਲੀ ਬੋਲਦਿਆਂ ਬਿਨ੍ਹਾਂ ਕਿਸੇ ਸਬੂਤ ਦੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਲਿਖਿਆ, ਖਲਨਾਇਕ ਵਜੋਂ ਪੇਸ਼ ਕੀਤਾ ।ਪ੍ਰੋਫੈਸ਼ਰ ਆਫ ਸਿੱਖਇਜ਼ਮ ਸ੍ਰ ਗੁਰਤੇਜ ਸਿੰਘ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ‘ਅਸੀਂ ਆਪਣੇ ਮਾਰੇ ਗਏ ਧੀਆਂ ਪੁਤਰਾਂ ਨੂੰ ਭੁੱਲ ਜਾਈਏ ਲੇਕਿਨ ਅਸੀਂ ਉਨ੍ਹਾਂ ਦੀ ਸਦੀਵੀ ਯਾਦ ਕਾਇਮ ਕਰਨ ਲਈ ਪਿੰਡ-ਪਿੰਡ ਵਿੱਚ ਸ਼ਹੀਦੀ ਬਾਗ ਉਸਾਰਨ ਲਈ ਯਤਨਸ਼ੀਲ ਹੋਈਏ’।ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਕਾਨੂੰਨ ਦੀ ਨਜਰ ਵਿੱਚ ਕੋਈ ਵੀ ਦੋਸ਼ੀ ਨਹੀ ਹੈ, ਜਦ ਤੀਕ ਉਸ ਦਾ ਦੋਸ਼ ਅਦਾਲਤ ਵਿੱਚ ਸਾਬਤ ਨਾ ਹੋ ਜਾਵੇ ਲੇਕਿਨ ਜਿਹੜੇ ਪੁਲਿਸ ਅਧਿਕਾਰੀਆਂ ਨੇ ਕਾਨੂੰਨ ਨੂੰ ਜਾਣਦਿਆਂ ਤੇ ਸਮਝਦਿਆਂ ਵੀ ਇਸ ਦੀ ਉਲੰਘਣਾ ਕੀਤੀ ਹੈ ਉਹ ਦੋਸ਼ੀ ਜਰੂਰ ਹਨ,ਕਾਨੁੰਨ ਦੇ ਵੀ ਤੇ ਲੋਕਾਂ ਦੇ ਵੀ ।ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਚੇਅਰਪਰਸਨ ਬੀਬੀ ਸੰਦੀਪ ਕੌਰ ਕਾਸ਼ਤੀਵਾਲ ਨੇ ਮਾਵਾਂ ਦੀ ਮਾਨਸਿਕਤਾ ਬਿਆਨ ਕਰਦਿਆਂ ਦੱਸਿਆ ਕਿ 30 ਸਾਲ ਬੀਤ ਜਾਣ ਤੇ ਵੀ ਮਾਵਾਂ ਇਹ ਮੰਨਣ ਲਈ ਤਿਆਰ ਨਹੀ ਕਿ ਉਨ੍ਹਾ ਦੇ ਪੁੱਤਰ, ਮਾਰੇ ਜਾ ਚੁਕੇ ਹਨ ਕਿਉਂਕਿ ਉਨ੍ਹਾ ਪਾਸ ਮਾਰੇ ਜਾਣ ਦਾ ਕੋਈ ਸਬੂਤ ਹੀ ਨਹੀ ਹੈ।ਕਸ਼ਮੀਰ ਵਿੱਚ ਮਨੁਖੀ ਅਧਿਕਾਰਾਂ ਦੇ ਮੁਦੱਈ ਜਨਾਬ ਪ੍ਰਵੇਜ ਇਮਰੋਜ਼ ਨੇ ਦੱਸਿਆ ਕਿ ਨੌਜੁਆਨਾ ਨੂੰ ਲਾਵਾਰਿਸ ਕਹਿ ਕੇ ਖਤਮ ਕਰ ਦਿੱਤੇ ਜਾਣ ਦਾ ਦਰਦ ਕਸ਼ਮੀਰੀ ਮਾਵਾਂ ਵੀ ਹੰਢਾ ਰਹੀਆਂ ਹਨ ਲੇਕਿਨ ਉਨ੍ਹਾਂ ਨੇ ਅਜੇ ਤੀਕ ਵੀ ਸਰਕਾਰ ਨੂੰ ਸਵਾਲ ਕਰਨੇ ਬੰਦ ਨਹੀ ਕੀਤੇ ।ਜਨਾਬ ਇਮਰੋਜ਼ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਜੇਹੇ ਗਾਇਬ ਕੀਤੇ ਨੌਜੁਆਨਾਂ ਦੀਆਂ ਯਾਦਗਾਰਾਂ ਕਾਇਮ ਕਰਨ ਲਈ ਕੰਮ ਹੋਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਦੇਸ਼ ਵਿੱਚ ਵਿੱਚਰ ਰਹੀਆਂ ਸਮੁੱਚੀਆਂ ਘੱਟ ਗਿਣਤੀ ਅਤੇ ਸਾਂਝੇ ਦਰਦ ਵਾਲੀਆਂ ਕੌਮਾਂ ਨੂੰ ਇੱਕ ਪਲੇਟ ਫਾਰਮ ਤੇ ਇੱਕਠਿਆਂ ਕੀਤਾ ਜਾਏ ਤੇ ਵਿਸ਼ਵ ਭਰ ਵਿੱਚ ਆਪਣੀ ਅਵਾਜ ਬੁਲੰਦ ਕੀਤੀ ਜਾਏ ।ਦਲ ਖਾਲਸਾ ਦੇ ਬੁਲਾਰੇ ਸ੍ਰ. ਕੰਵਰਪਾਲ ਸਿੰਘ ਨੇ ਕਿਹਾ ਕਿ ਅੱਤਵਾਦ, ਵੱਖਵਾਦ, ਪੰਜਾਬ ਦਾ ਕਾਲਾ ਦੌਰ ਵਰਗੇ ਜਿਹੜੇ ਸ਼ਬਦ, ਭਾਰਤ ਸਰਕਾਰ ਤੇ ਭਾਰਤੀ ਮੀਡੀਆ ਨੇ ਸਾਨੂੰ ਦਿੱਤੇ ਹਨ ਅਸੀਂ ਆਪਣੀ ਸਬਦਾਵਲੀ ਤੇ ਸੰਸਥਾਵਾਂ ਵਿਚੱੋ ਮਨਫੀ ਕਰੀਏ ।ਇਸ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ,ਦਲ ਖਾਲਸਾ ਦੇ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਵੀ ਆਪਣੇ ਵਿਚਾਰ ਰੱਖੇ ।ਇਸ ਸਮਾਗਮ ਵਿੱਚ ਭਾਈ ਮੋਹਕਮ ਸਿੰਘ, ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਏਕ ਨੂਰ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਬੀਬੀ ਮਨਜੀਤ ਕੌਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ,ਭਾਈ ਸੁਖਦੇਵ ਸਿੰਘ, ਭਾਈ ਮਨਜੀਤ ਸਿੰਘ ਗਤਕਾ ਮਾਸਟਰ, ਬਲਦੇਵ ਸਿੰਘ ਸਿਰਸਾ, ਸਿੱਖ ਯੂਥ ਆਫ ਪੰਜਾਬ ਦੇ ਭਾਈ ਨੋਬਲਜੀਤ ਸਿੰਘ, ਰਣਬੀਰ ਸਿੰਘ ਵੀ ਹਾਜਰ ਸਨ।
Punjab Post Daily Online Newspaper & Print Media