ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਵਰਿਆਮ ਸੰਧੂ ਦੀ ਕਹਾਣੀ ‘ਤੇ ਅਧਾਰਿਤ ਨਾਟਕ
“ਕੁਰਾਹੀਆ” ਦਾ ਮੰਚਨ ਕੀਤਾ ਗਿਆ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਨਾਟਕ ਆਰਟ ਗੈਲਰੀ ਵਲੋਂ ਪਹਿਲੀ ਪੇਸ਼ਕਾਰੀ ਹੈ, ਜਿਸ ਦਾ ਨਿਰਦੇਸ਼ਨ ਉਨ੍ਹਾਂ ਨੇ ਇੰਦਰਜੀਤ ਸਿੰਘ ਸਹਾਰਨ ਨਾਲ ਮਿਲ ਕੇ ਕੀਤਾ।ਨਾਟਕ ਦਾ ਨਾਟਕੀਕਰਨ ਗੁਰਿੰਦਰ ਮਕਨਾ ਨੇ ਕੀਤਾ ਹੈ ਅਤੇ ਇਸ ਨਾਟਕ ਵਿੱਚ ਸਿੱਖਿਆ ਵਿਭਾਗ ਅਤੇ ਸਿਸਟਮ ਉਪਰ ਸੁਧਾਰ ਦੀ ਦਿਸ਼ਾ ਦਿੱਤੀ ਗਈ ਹੈ।
ਨਾਟਕ ਦੀ ਕਹਾਣੀ ’ਚ ਇੱਕ ਆਦਰਸ਼ਵਾਦੀ ਹੈਡ ਮਾਸਟਰ ਹਜ਼ਾਰਾ ਸਿੰਘ ਕਿਸੇ ਖਾਸ ਮਿੱਤਰ ਦੇ ਕਹਿਣ ‘ਤੇ ਅਸੂਲਾਂ ਤੋਂ ਭਟਕ ਕੇ ਕੁਰਾਹੇ ਪੈ ਜਾਂਦਾ ਹੈ।ਜਿਸ ਨੇ ਕਦੀ ਵੀ ਆਪਣੇ ਕੰਮ ਵਿੱਚ ਕੋਈ ਕੁਤਾਹੀ ਨਹੀਂ ਸੀ ਵਰਤੀ।ਉਸ ਦੇ ਰਸਤੇ ਵਿੱਚ ਕੋਈ ਵੀ ਚੌਧਰ ਵਿਖਾਏ ਤਾਂ ਉਹ ਸਿੱਧਾ ਹੋ ਕੇ ਟੱਕਰਦਾ।ਹੈਡ ਮਾਸਟਰ ਹਜ਼ਾਰਾ ਸਿੰਘ ਦੇ ਅਸੂਲ ਸਭ ‘ਤੇ ਭਾਰੀ ਪੈਂਦੇ ਸਨ।
ਇਸ ਨਾਟਕ ਵਿੱਚ ਜ਼ਾਤ-ਪਾਤ ਤੋਂ ਪਰੇ ਇੱਕਜੁਟਤਾ ਅਤੇ ਫਰਜ਼ ‘ਤੇ ਕੰਮ ਪ੍ਰਤੀ ਇਮਾਨਦਾਰ ਰਹਿਣ ਦਾ ਸੰਦੇਸ਼ ਵੀ ਹੈ।ਬੰਦੇ ਨੂੰ ਆਪਣੇ ਪੈਰਾਂ ‘ਤੇ ਖੜੇ ਰਹਿਣਾ ਚਾਹੀਦਾ ਅਤੇ ਕਦੇ ਡੋਲਣਾ ਨਹੀਂ ਚਾਹੀਦਾ।ਇਹ ਮੂਲ ਮੰਤਰ ਹੀ ਇਸ ਨਾਟਕ ਦਾ ਆਧਾਰ ਹੈ।ਨਾਟਕ ਵਿੱਚ ਹਜ਼ਾਰਾ ਸਿੰਘ ਦੇ ਹੀ ਅਲੱਗ ਅਲੱਗ ਰੂਪ ਜਿਵੇਂ ਕਦੀ ਇੱਕ ਹੈਡ ਮਾਸਟਰ, ਕਦੀ ਇੱਕ ਵਿਦਿਆਰਥੀ, ਕਦੀ ਇੱਕ ਪੁੱਤ, ਕਦੀ ਇੱਕ ਬਾਪ, ਕਦੀ ਇੱਕ ਖਿਡਾਰੀ, ਕਦੀ ਇੱਕ ਯੋਧਾ ਤੇ ਕਦੀ ਇੱਕ ਦੋਸਤ ਵੇਖਣ ਨੂੰ ਮਿਲੇ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਮੈਡਮ ਡਾ. ਗੁਰਪ੍ਰੀਤ ਕੌਰ ਜੌਹਲ ਕਾਨੂੰਨ ਦੇ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਹਰਪ੍ਰੀਤ ਸਿੰਘ ਐਸ.ਡੀ.ਐਮ ਅੰਮ੍ਰਿਤਸਰ ਅਤੇ ਮੈਡਮ ਡਾ. ਹਰਨੂਰ ਕੌਰ ਢਿਲੋਂ ਐਸ.ਡੀ.ਐਮ ਮਜੀਠਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ ਸ਼ਿਵਦੇਵ ਸਿੰਘ ਸੈਕਟਰੀ ਪ੍ਰਫੋਰਮਿੰਗ ਆਰਟ ਮੈਡਮ ਤਜਿੰਦਰ ਛੀਨਾ, ਫਾਇਨਾਂਸ ਸੈਕਟਰੀ ਸੁਖਪਾਲ ਸਿੰਘ ਸੈਕਟਰੀ ਪ੍ਰਬੰਧਕ ਸੁਭਾਸ਼ ਚੰਦਰ, ਨਰਿੰਦਰ ਸਿੰਘ ਬੁੱਤਤਰਾਸ਼, ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਨਰਿੰਦਰ ਨਾਥ ਕਪੂਰ, ਨਰਿੰਦਰ ਸਿੰਘ ਗਾਬੜੀਆ ਅਤੇ ਹੋਰ ਮੇਂਬਰ ਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇ
ਇਸ ਨਾਟਕ ਦੇ ਮੁੱਖ ਪਾਤਰਾਂ ਵਿੱਚ ਇੰਦਰਜਿਤ ਸਿੰਘ ਸਹਾਰਨ ਅਤੇ ਅਰਵਿੰਦਰ ਸਿੰਘ ਚਮਕ ਤੋਂ ਇਲਾਵਾ ਬਰਿੰਦਰ ਸਿੰਘ, ਹੈਨਰੀ ਬੈਨਜਾਮਿਨ, ਸ਼ਮਸ਼ੇਰ ਢਿੱਲੋਂ, ਕੁਲਵਿੰਦਰ ਕੌਰ, ਅਗਮ ਅਗਾਧ ਅਤੇ ਪਰਮਜੀਤ ਮਕਨਾ, ਗੁਰਿੰਦਰ ਮਕਨਾ, ਕੁਲਵਿੰਦਰ ਸਿੰਘ ਅਤੇ ਪੁਸ਼ਪ ਬਾਵਾ ਆਦਿ ਕਲਾਕਾਰ ਸ਼ਾਮਲ ਸਨ।ਇਸ ਨਾਟਕ ਦਾ ਸੰਗੀਤ ਹਰਿੰਦਰ ਸੋਹਲ, ਲਾਈਟ ਅਤੇ ਬੈਕਗਰਾਊਂਡ ਮਿਊਜ਼ਿਕ ਨੌਸ਼ੀਨ ਅਤੇ ਅਨਿਲ ਦਾ ਸੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media