ਲੋਕਾਂ ਵਲੋਂ ਕੀਤੇ ਵਿਸ਼ਵਾਸ਼ ‘ਤੇ ਖਰੀ ਉਤਰੇ ਪੰਜਾਬ ਸਰਕਾਰ – ਸੁਨੀਲ ਕੁਮਾਰ
ਸਮਰਾਲਾ, 11 ਅਪ੍ਰੈਲ (ਇੰਦਰਜੀਤ ਸਿੰਘ ਕੰਗ) -ਪੈਨਸ਼ਨਰ ਇੰਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ (ਰਜਿ:) ਦੇ ਪ੍ਰਧਾਨ ਸੁਨੀਲ ਕੁਮਾਰ ਦੇ ਆਦੇਸ਼ਾਂ ‘ਤੇ ਅੱਜ
ਲੁਧਿਆਣਾ ਜ਼ਿਲ੍ਹੇ ਦੇ ਵੱਖ ਵੱਖ ਵਿਧਾਇਕਾਂ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ।ਸਮਰਾਲਾ ਇਕਾਈ ਦੇ ਪੈਨਸ਼ਨਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਇੱਕ ਵਫਦ ਦੇ ਰੂਪ ਵਿੱਚ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਪੰਜਾਬ ਸਰਕਾਰ ਤੋਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਲਟਕਦੇ ਮਸਲਿਆਂ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਲਾਵਾ ਜੁਲਾਈ 2015 ਤੋਂ ਹੁਣ ਵੱਖ-ਵੱਖ ਸਮੇਂ ‘ਤੇ ਜਾਰੀ ਕੀਤੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਣਦਾ ਬਕਾਇਆ ਬਿਨਾਂ ਕਿਸੇ ਹੋਰ ਦੇਰੀ ਤੋਂ ਜਾਰੀ ਕੀਤਾ ਜਾਵੇ।ਬਜ਼ਟ ਦੀ ਮੱਦ 12 ਵਿੱਚ ਸਰਕਾਰ ਵਲੋਂ ਅਕਤੂਬਰ 2022 ਤੋਂ 6 ਪ੍ਰਤੀਸ਼ਤ ਡੀ.ਏ ਦੀ ਅਧੂਰੀ ਕਿਸ਼ਤ ਦੇ ਕੇ ਪੈਨਸ਼ਨਰਾਂ ਨਾਲ ਮਜ਼ਾਕ ਕੀਤਾ ਹੈ, ਜਦਕਿ ਕੇਂਦਰ ਸਰਕਾਰ ਵਲੋਂ 01 ਜੁਲਾਈ 2022 ਤੋਂ 38 ਫੀਸਦ ਡੀ.ਏੱ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।ਇਸ ਕਰਕੇ ਪੰਜਾਬ ਸਰਕਾਰ ਵਲੋਂ ਵੀ ਡੀ.ਏ 34 ਪ੍ਰਤੀਸ਼ਤ ਤੋਂ ਵਧਾ ਕੇ 38 ਪ੍ਰਤੀਸ਼ਤ ਕੀਤਾ ਜਾਵੇ।ਛੇਵੇਂ ਪੰਜਾਬ ਤਨਖਾਹ ਕਮਿਸ਼ਨ ਵਲੋਂ ਜਾਰੀ ਪੇਅ ਮੈਟਰਿਕਸ ਅਨੁਸਾਰ 1 ਜਨਵਰੀ 2016 ਤੋਂ 2.59 ਗੁਣਾਂਕ ਸਮੂਹ ਪੈਨਸ਼ਨਰਜ਼ ਨੂੰ ਲਗਾ ਕੇ ਬਣਦਾ ਬਕਾਇਆ ਰਾਸ਼ੀ ਯਕਮੁਸ਼ਤ ਅਦਾ ਕੀਤਾ ਜਾਵੇ। 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਰਿਟਾਇਰ ਹੋਏ ਪੈਨਸ਼ਰਾਂ ਨੂੰ ਬਣਦੇ ਪੈਨਸ਼ਨਰੀ ਲਾਭ ਰੀਵਾਈਜ਼ਡ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਕੀਤੀ ਜਾਵੇ, ਕਿਉਂਕਿ ਇਹ ਪੈਨਸ਼ਨਰੀ ਲਾਭ ਹੈ।ਪੈਨਸ਼ਨਰਾਂ ਨੂੰ ਮਿਲਣ ਵਾਲਾ ਬੁਢਾਪੇ ਭੱਤੇ ਨੂੰ ਤਰਕਸੰਗਤ ਕੀਤਾ ਜਾਵੇ।ਅਜੋਕੇ ਸਮੇਂ ਵਿੱਚ 85 ਸਾਲ ਤੱਕ ਪਹੁੰਚਣਾ ਹੀ ਇਕ ਚੈਲੇਜ਼ ਹੈ।ਇਸ ਲਈ 100 ਪ੍ਰਤੀਸ਼ਤ ਦੀ ਵੰਡ ਨੂੰ 85 ਸਾਲ ਦੇ ਸਮੇਂ ਵਿੱਚ ਹੀ ਵੰਡ ਕੀਤੀ ਜਾਵੇ। ਪੈਨਸ਼ਨਰਾਂ ਨੂੰ ਮਿਲਣ ਵਾਲਾ ਬੱਝਵਾਂ ਮੈਡੀਕਲ ਭੱਤਾ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ 1000 ਰੁਪਏ ਤੋਂ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ।ਕਮਿਉਟ ਪੈਨਸ਼ਨ ਦੀ ਵਾਪਸੀ ਤਰਕਸੰਗਤ ਕਰਵਾਉਣਾ 15 ਸਾਲ ਦੀ ਬਜ਼ਾਏ 12 ਸਾਲਾਂ ਵਿੱਚ ਕਟੌਤੀ ਕਰਨਾ ਆਦਿ ਮੰਗਾਂ ਦਾ ਵਰਨਣ ਕੀਤਾ ਗਿਆ। ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਵਿਸ਼ਵਾਸ਼ ਦਿਵਾਇਆ ਕਿ ਪੈਨਸ਼ਨਰਾਂ ਦੇ ਮਸਲੇ ਪਹਿਲਾਂ ਹੀ ਮੁੱਖ ਮੰਤਰੀ ਦੇ ਧਿਆਨ ਵਿੱਚ ਹਨ।ਇਹ ਮੰਗ ਪੱਤਰ ਵੀ ਮੁੱਖ ਮੰਤਰੀ ਦੇ ਪਾਸ ਪੁੱਜਦਾ ਕਰ ਦਿੱਤਾ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਨੀਲ ਕੁਮਾਰ, ਮੇਲਾ ਸਿੰਘ, ਮੋਹਣ ਸਿੰਘ, ਦਲੀਪ ਸਿੰਘ, ਕੁਲਦੀਪ ਸਿੰਘ ਸੇਖੋਂ, ਸੰਦੀਪ ਸਿੰਘ, ਚਮਕੌਰ ਸਿੰਘ, ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ।
Punjab Post Daily Online Newspaper & Print Media