ਹਰੇਕ ਇਨਸਾਨ ਆਪਣੀ ਸੱਭਿਅਤਾ ਤੇ ਵਿਰਸੇ ਦੀ ਰਾਖੀ ’ਤੇ ਪਹਿਰਾ ਦੇਵੇ – ਸ੍ਰੀਮਤੀ ਛੀਨਾ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵਨਿਊ ਵਿਖੇ
‘ਵਿਸਾਖੀ ਮੇਲਾ-2023’ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਧਰਮਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਅਤੇ ਵਿਸ਼ੇਸ਼ ਮਹਿਮਾਨ ਦੇ ਵਜੋਂ ਡਾ. ਅਰਵਿੰਦਰ ਸਿੰਘ ਚਮਕ ਨੇ ਸ਼ਿਰਕਤ ਕਰਦਿਆਂ ਰਿਬਨ ਕੱਟ ਕੇ ‘ਵਿਸਾਖੀ ਮੇਲੇ’ ਦਾ ਅਗਾਜ਼ ਕੀਤਾ।
ਕਾਲਜ ਦੀ ਕਾਰਜ਼ਕਾਰੀ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਲਗਾਏ ਗਏ ਵਿਸਾਖੀ ਮੇਲੇ ਮੌਕੇ ਸ਼੍ਰੀਮਤੀ ਛੀਨਾ ਨੇ ਕਿਹਾ ਕਿ ਇਕ ਇਨਸਾਨ ਦਾ ਸਭ ਤੋਂ ਅਹਿਮ ਤੇ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀ ਸੱਭਿਅਤਾ ਅਤੇ ਵਿਰਸੇ ਦੀ ਰਾਖੀ ਕਰੇ।ਜੇਕਰ ਅਸੀਂ ਆਪਣੀ ਵਿਰਾਸਤ ਤੋਂ ਪੱਛੜ ਗਏ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਆ ਜਾਵੇਗੀ।
ਆਪਣੇ ਰੁਝੇਵੇ ਭਰੇ ਸਮੇਂ ’ਚੋਂ ਉਚੇਚੇ ਤੌਰ ’ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪੁੱਜੇ ਆਨ. ਸਕੱਤਰ ਛੀਨਾ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਾਜਨਾ ਬਾਰੇ ਚਾਨਣਾ ਪਾਉਂਦਿਆਂ ਵਿਸਾਖੀ ਦੀ ਮਹੱਤਤਾ ਦੱਸੀ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿੱਖੀ ਸਰੂਪ ਦੀ ਗੌਰਵ ਗਾਥਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਮੇਲੇ ’ਚ ਲਗਾਏ ਗਏ ਵੱਖ ਵੱਖ ਸਟਾਲਾਂ ਅਤੇ ਸੱਭਿਅਤਾ ਨਾਲ ਭਰਪੂਰ ਪੁਰਾਤਨ ਵੇਲੇ ਦੀ ਝਲਕ ਪੇਸ਼ ਕਰਦੀਆਂ ਕਲਾਕ੍ਰਿਤੀਆਂ, ਚਿੱਤਰਕਾਰੀਆਂ, ਪੁਰਾਤਨ ਰਵਾਇਤਾਂ ਫੁਲਕਾਰੀ, ਦਾਣੇ ਭੁੰਨਦੀ ਭੱਠੀ ਵਾਲੀ, ਘੋੜੀਆਂ ਦੁਆਰਾ ਪੇਸ਼ ਕੀਤਾ ਗਿਆ ਦਿਲਚਸਪ ਡਾਂਸ ਤੇ ਅਭਿਨੰਦਨ ਆਦਿ ਦਾ ਸਭ ਨੇ ਆਨੰਦ ਮਾਣਿਆ।ਪੰਜਾਬੀ ਸੱਭਿਅਤਾ ਦੇ ਰੀਤੀ-ਰਿਵਾਜਾਂ ਅਤੇ ਪੁਰਾਤਨ ਪਹਿਰਾਵਿਆਂ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਆਪਣੇ ਵਿਰਸੇ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ’ਚ ਝੂਮਦਾ ਹੋਇਆ ਸਮੂਹ ਕਾਲਜ ਆਨੰਦ ਮਾਣਦਾ ਨਜ਼ਰੀ ਆਇਆ। ਮੇਲੇ ’ਚ ਪੰਜਾਬ ਦੀ ਪ੍ਰਾਚੀਨ ਰਵਾਇਤ ਦੀ ਦਿਲਕਸ਼ ਝਲਕ ਨੇ ਸਭਨਾ ਦਾ ਮਨ ਮੋਹ ਲਿਆ।ਝੂਟਿਆਂ ਦਾ ਆਨੰਦ ਮਾਣਦੇ ਹੋਏ ਵਿਦਿਆਰਥੀਆਂ ਨੇ ਖਿੜਖਿੜਾਉਂਦੇ ਚਿਹਰਿਆਂ ਨਾਲ ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਝਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਭੰਗੜਾ, ਗੱਤਕਾ, ਗਿੱਧਾ-ਬੋਲੀਆਂ, ਡਾਂਸ ਆਦਿ ਨੇ ਮਾਹੌਲ ਨੂੰ ਬੰਨ੍ਹੀ ਰੱਖਿਆ।ਪੰਘੂੜੇ, ਵੱਖ-ਵੱਖ ਪਕਵਾਨਾਂ, ਸਟੇਸ਼ਨਰੀ, ਮੁਨਿਆਰੀ ਅਤੇ ਸਾਜੋ-ਸਮਾਨ ਆਦਿ ਦੇ ਸਟਾਲ ਵੀ ਲਗਾਏ।
ਇਸ ਮੌਕੇ ਕਲਚਰਲ ਵਿੰਗ ਦੇ ਇੰਚਾਰਜ਼ ਡਾ. ਅਜੈਪਾਲ ਸਿੰਘ ਢਿੱਲੋਂ, ਅੰਡਰ ਸੈਕਟਰੀ ਡੀ.ਐਸ. ਰਟੌਲ, ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media