Monday, December 23, 2024

ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਵੱਡੇ ਸੁਧਾਰ ਦੀ ਲੋੜ – ਸਿੱਖਿਆ ਮੰਤਰੀ ਬੈਂਸ

ਭਾਰਤ-ਪਾਕਿ ਸਰਹੱਦੀ ਖੇਤਰ ‘ਚ ਸਕੂਲਾਂ ਦੀ ਕੀਤੀ ਜਾਂਚ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਜੋ ਕਿ ਬੀਤੇ ਦਿਨਾਂ ਤੋਂ ਭਾਰਤ ਪਾਕਿਸਤਾਨ ਸਰਹੱਦ ‘ਤੇ ਪੈਂਦੇ ਇਲਾਕੇ ਵਿੱਚ ਚੱਲਦੇ ਸਰਕਾਰੀ ਸਕੂਲਾਂ ਦਾ ਦੌਰਾ ਕਰ ਰਹੇ ਹਨ, ਨੇ ਅਟਾਰੀ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਦੀ ਲੋੜ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿਲੀ ਇੱਛਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਲਮੀ ਪੱਧਰ ਦੇ ਸਕੂਲਾਂ ਵਿੱਚ ਸ਼ੁਮਾਰ ਕਰਨ ਦੀ ਹੈ ਅਤੇ ਉਨ ਨੇ ਇਸ ਸੁਪਨੇ ਨੂੰ ਹਕੀਕੀ ਰੂਪ ਵਿੱਚ ਪੂਰਾ ਕਰਨ ਲਈ ਕੱਲ ਤਰਨਤਾਰਨ ਜਿਲੇ ਅਤੇ ਅੱਜ ਅੰਮ੍ਰਿਤਸਰ ਤੇ ਗੁਰਦਾਸਪੁਰ ਜਿਲੇ ਦੀ ਸਰਹੱਦੀ ਪੱਟੀ ਦੇ ਸਕੂਲਾਂ ਦਾ ਦੌਰਾ ਕੀਤਾ ਹੈ।ਇਸ ਤੋਂ ਪਹਿਲਾਂ ਫਾਜ਼ਿਲਕਾ, ਫਿਰੋਜ਼ਪੁਰ ਦੇ ਸਕੂਲਾਂ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਸਕੂਲਾਂ ਦੀ ਹਾਲਤ ਵੇਖਣ ਤੋਂ ਇਲਾਵਾ ਬੱਚਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਤਾਂ ਸਥਿਤੀ ਪਾਣੀ ਵਾਂਗ ਸਾਫ ਹੋ ਗਈ ਹੈ ਕਿ ਇਸ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜਾਈ ਅਤੇ ਮੁੱਢਲੇ ਢਾਂਚੇ ਵਿੱਚ ਵੱਡੇ ਸੁਧਾਰ ਕਰਨੇ ਪੈਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਬੱਚਿਆਂ ਨੂੰ ਕਿਤਾਬਾਂ ਪੜਾ ਕੇ, ਪ੍ਰਸ਼ਨ ਪੁੱਛ ਕੇ ਵੇਖੇ ਅਤੇ ਮਨ ਦੁਖੀ ਹੋਇਆ ਹੈ ਕਿ ਬੱਚੇ ਜਮਾਤਾਂ ਵਿੱਚ ਤਾਂ ਅੱਗੇ ਵਧ ਰਹੇ ਹਨ, ਪਰ ਉਨ੍ਹਾਂ ਦੀ ਪੜਾਈ ਬਹੁਤ ਪਿੱਛੇ ਹੈ।ਬੈਂਸ ਨੇ ਕਿਹਾ ਕਈ ਸਕੂਲਾਂ ਵਿੱਚ ਬੱਚੇ ਨਾ ਪੰਜਾਬੀ, ਨਾ ਹਿੰਦੀ ਅਤੇ ਨਾ ਅੰਗਰੇਜੀ ਲਿਖ ਸਕੇ।ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਸਕੂਲ ਵੀ ਇਲਾਕੇ ਦੇ ਨਾਮਵਰ ਸਕੂਲਾਂ ਵਿੱਚ ਗਿਣੇ ਜਾ ਰਹੇ ਹਨ।ਉਨਾਂ ਕਿਹਾ ਕਿ ਇੰਨਾ ਸਕੂਲਾਂ ਵਿੱਚ ਸਿੱਖਿਆ ਮੰਤਰੀ ਤਾਂ ਦੂਰ, ਕਈ ਸਕੂਲ ਅਜਿਹੇ ਮਿਲੇ ਹਨ, ਜਿਥੇ 2017 ਤੋਂ ਬਾਅਦ ਕੋਈ ਜਿਲ੍ਹਾ ਸਿੱਖਿਆ ਅਧਿਕਾਰੀ ਵੀ ਨਹੀਂ ਗਿਆ।
ਉਨਾਂ ਕਿਹਾ ਕਿ ਸਕੂਲਾਂ ਦਾ ਦੌਰਾ ਕਰਕੇ ਕਈ ਜਮੀਨੀ ਹਕੀਕਤਾਂ ਤੋਂ ਜਾਣੂ ਹੋਇਆ ਹਾਂ ਅਤੇ ਹੁਣ ਕੋਸ਼ਿਸ਼ ਸਕੂਲਾਂ ਦਾ ਤਰਤੀਬਵਾਰ ਵਿਕਾਸ ਕਰਨ ਦੀ ਰਹੇਗੀ, ਤਾਂ ਕਿ ਸਕੂਲ ਬੱਚਿਆਂ ਦੀ ਹਰੇਕ ਲੋੜ ਨੂੰ ਪੂਰੀ ਕਰਕੇ ਉਸ ਦੀ ਸਮਰੱਥਾ ਨੂੰ ਨਿਖਾਰ ਸਕਣ।ਇਸ ਦੌਰਾਨ ਉਨ੍ਹਾਂ ਸਰਕਾਰੀ ਸਕੂਲ ਟਪਿਆਲਾ, ਜੋ ਕਿ ਅਜਨਾਲਾ ਹਲਕੇ ਵਿੱਚ ਲੜਕੀਆਂ ਦਾ ਸਕੂਲ ਹੈ, ਦਾ ਵਿਸ਼ੇਸ਼ ਜਿਕਰ ਕਰਦੇ ਕਿਹਾ ਉਨ੍ਹਾਂ ਦੇ ਪਿ੍ੰਸੀਪਲ ਨੇ ਆਪਣੇ ਪੱਧਰ ‘ਤੇ ਮਿਹਨਤ ਕਰਕੇ ਸਕੂਲ ਵਿੱਚ ਵਿਦਿਆਰਥੀਆਂ ਲਈ ਬੱਸਾਂ ਤੱਕ ਦਾ ਪ੍ਰਬੰਧ ਕੀਤਾ ਹੈ ਅਤੇ ਇਲਾਕੇ ਦੇ ਮਹਿੰਗੇ ਸਕੂਲਾਂ ਨਾਲੋਂ ਵੀ ਚੰਗੀ ਵਿਦਿਆ ਦੇ ਰਹੇ ਹਨ, ਪਰ ਇਸ ਇਲਾਕੇ ਵਿਚ ਅਜਿਹੇ ਸਕੂਲ ਬਹੁਤ ਘੱਟ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਸੋਚ ਸਦਕਾ ਉਨਾਂ ਦਾ ਧਿਆਨ ਸਿੱਖਿਆ ‘ਤੇ ਹੀ ਹੈ ਅਤੇ ਜਲਦੀ ਸਕੂਲਾਂ ਵਿੱਚ 3000 ਨਵੇਂ ਕਮਰੇ ਅਤੇ 117 ਸਕੂਲ ਆਫ ਐਮੀਨੈਂਸ ਬਣਾ ਦਿੱਤੇ ਜਾਣਗੇ।ਉਨ੍ਹਾਂ ਸਪੱਸ਼ਟ ਕੀਤਾ ਕਿ ਨਿੱਜੀ ਸਕੂਲਾਂ ਦੀਆਂ ਵਧੀਕੀਆਂ ਖਿਲਾਫ ਕਾਰਵਾਈ ਹੋਵੇਗੀ।ਕਰੀਬ ਤਿੰਨ ਹਜ਼ਾਰ ਸ਼ਿਕਾਇਤਾਂ ਮਿਲੀਆਂ ਹਨ ਅਤੇ 100 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।ਸਿੱਖਿਆ ਮੰਤਰੀ ਨੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਰਮਦਾਸ, ਅਵਾਣ, ਅਟਾਰੀ, ਛੇਹਰਟਾ ਅਤੇ ਟਾਊਨ ਹਾਲ ਆਦਿ ਸਕੂਲਾਂ ਦਾ ਦੌਰਾ ਕੀਤਾ।
ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਜੁਗਰਾਜ ਸਿੰਘ, ਪ੍ਰਿੰਸੀਪਲ ਰਿੰਪੀ ਅਰੋੜਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …