ਵਾਤਾਵਰਣ ਅਤੇ ਪਾਣੀ ਦੂਸ਼ਿਤ ਹੋਣੋ ਬਚਾਉਣ ’ਚ ਸਰਕਾਰਾਂ ਦੀ ਕਾਰਗੁਜ਼ਾਰੀ ਨਾਮਾਤਰ- ਗੁਨਬੀਰ
ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿਮਘ ਖੁਰਮਣੀਆਂ) – ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਸਾਲ 2000 ਤੋਂ ਕਾਲੀ ਬੇਨ ਨਦੀ (ਕਾਲੀ ਬੇਈਂ) ਦੀ ਸਫ਼ਾਈ
ਦਾ ਅਭਿਆਨ ਆਰੰਭਿਆ ਗਿਆ, ਇਸ ਤੋਂ ਪਹਿਲਾਂ ਘਰੇਲੂ ਅਤੇ ਉਦਯੋਗਿਕ ਪ੍ਰਦੂਸ਼ਣ ਦਾ ਸ਼ਿਕਾਰ ਇਸ ਨਦੀ ’ਚ ਗੰਦਗੀ ਅਤੇ ਗਾਦ ਹੁੰਦੀ ਸੀ।ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਵਲੰਟੀਅਰਾਂ ਦੀ ਸਹਾਇਤਾ ਨਾਲ ਇਸ ਮਾਮਲੇ ਨੂੰ ਆਪਣੇ ਹੱਥੀਂ ਲੈਂਦਿਆਂ ਇਸ ਨਦੀ ਦੀ ਸਫ਼ਾਈ ਨੂੰ ਸਫ਼ਲਤਾਪੂਰਵਕ ਕਰਵਾਇਆ ਗਿਆ।ਉਨ੍ਹਾਂ ਦੀ ਇਸ ਸੇਵਾ ਨੂੰ ਸੂਬੇ ਦੇ ਬਾਹਰਲੇ ਰਾਜਾਂ ਦੇ ਮੰਤਰੀਆਂ ਤੱਕ ਨੇ ਸਲਾਹਿਆ ਅਤੇ ਉਨ੍ਹਾਂ ਨੂੰ ‘ਵਾਤਾਵਰਣ ਦਾ ਹੀਰੋ’ ਖਿਤਾਬ ਨਾਲ ਨਿਵਾਜ਼ਿਆ।ਇਹ ਪ੍ਰਗਟਾਵਾ ਅੱਜ ਇਥੇ ਖ਼ਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ‘ਗਲੋਬਲ ਹੈਲਥ ਅਤੇ ਵਾਤਾਵਰਣ’ ਵਿਸ਼ੇ ’ਤੇ ਦੋ-ਰੋਜ਼ਾ ਸੈਮੀਨਾਰ ਦੇ ਸਮਾਪਤੀ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਜੁਆਇੰਟ ਸਕੱਤਰ ਗੁਨਬੀਰ ਸਿੰਘ ਨੇ ਵੱਖ-ਵੱਖ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ।ਉਨਾਂ ਕਿਹਾ ਕਿ ਉਸ ਤੋਂ ਬਾਅਦ ਕਈ ਸਰਕਾਰਾਂ ਆਈਆਂ ਪਰ ਵਾਤਾਵਰਣ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ’ਚੋਂ ਸਰਕਾਰਾਂ ਦੀ ਕਾਰਗੁਜ਼ਾਰੀ ਨਾਮਾਤਰ ਸਿੱਧ ਸਾਬਿਤ ਹੋਈ। ਉਨ੍ਹਾਂ ਕਿਹਾ ਕਿ 2010 ਤੋਂ ਬਚਾਉਣ ਲਈ ਜੇਕਰ ਕਾਲੀ ਬੇਈਂ ਦੀ ਗੱਲ ਕਰੀਏ ਤਾਂ ਉਸ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਰਹੇ ਅਤੇ ਸਮੇਂ ਸਮੇਂ ਦੇ ਬਦਲਾਅ ’ਤੇ ਮੱਛੀਆਂ ਤੇ ਹੋਰ ਜੀਵ ਮਰਦੇ ਰਹੇ।
ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਜ਼ਮੀਨੀ ਪੱਧਰ ’ਤੇ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ।ਕਦੇ ਕੋਈ ਵਿਅਕਤੀ ਬੰਬੀ ਛੱਡ ਕੇ ਪਾਣੀ ਨੂੰ ਬਰਬਾਦ ਕਰ ਰਿਹਾ, ਸੰਸਥਾਵਾਂ, ਹਸਪਤਾਲਾਂ ਆਦਿ ਅਦਾਰਿਆਂ ’ਚ ਪਾਣੀ ਦੀ ਦੁਰਵਰਤੋਂ, ਸੜਕਾਂ ’ਤੇ ਦਰੱਖਤਾਂ ਦੀ ਕਟਾਈ ਆਮ ਜਿਹੀ ਗੱਲ ਹੋ ਗਈ ਹੈ।ਇਨ੍ਹਾਂ ਗੰਭੀਰ ਮਸਲਿਆਂ ਨੂੰ ਕੋਈ ਸੰਜ਼ੀਦਾ ਨਹੀਂ ਲੈਂਦਾ।
ਸੈਮੀਨਾਰ ਦੇ ਅਖ਼ੀਰਲੇ ਦਿਨ ਇਕੱਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਕੂਲ ਆਫ਼ ਪੰਜਾਬੀ ਸਟੱਡੀ ਤੋਂ ਸੇਵਾਮੁਕਤ ਪ੍ਰੋ: ਡਾ. ਗੁਰਮੀਤ ਸਿੰਘ ਪੋਲੀਟੀਕਲ ਸਾਇੰਸ ਵਿਭਾਗ ਡਾ. ਐਸ.ਐਸ ਨਾਰੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਪੋਰਟਸ ਸਾਇੰਸ ਵਿਭਾਗ ਮੁਖੀ ਡਾ. ਪਰਮਵੀਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂ.ਬੀ.ਐਸ ਵਿਭਾਗ ਅਸਿਸਟੈਂਟ ਪ੍ਰੋਫੈਸਰ ਡਾ. ਰੇਖਾ ਹਾਂਡਾ, ਖ਼ਾਲਸਾ ਕਾਲਜ ਬੌਟਨੀ ਵਿਭਾਗ ਤੋਂ ਮੁਖੀ ਡਾ. ਰਾਜਬੀਰ ਸਿੰਘ ਅਤੇ ਫਾਈਨ ਆਰਟ ਮੁਖੀ ਡਾ. ਹਰਮਨਦੀਪ ਕੌਰ ਨੇ ਮਾਹਿਰਾਂ ਵਜੋਂ ਸ਼ਿਰਕਤ ਕਰਦਿਆਂ ਇਕ ਸੁਰ ਹੁੰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਸਮਾਜ, ਸਰਕਾਰਾਂ ਅਤੇ ਮਨੁੱਖ ਨੂੰ ਘਟਦੇ ਪਾਣੀ, ਮਿੱਟੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਬਚਾਉਣ ਲਈ ਸਮੂਹਿਕ ਯਤਨ ਕਰਨ ਦੀ ਜ਼ਰੂਰਤ ਹੈ।ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਉਣ।
ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਬੁਲਾਰਿਆਂ ਅਤੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਹਰੇ ਪੌਦੇ ਦੇ ਕੇ ਸਨਮਾਨਿਤ ਕੀਤਾ।ਕਾਲਜ ਦੇ ਵਿਦਿਆਰਥੀਆਂ ਵਲੋਂ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਸਬੰਧੀ ਨਾਟਕ ਵੀ ਪੇਸ਼ ਕੀਤਾ ਗਿਆ।ਉਪਰੰਤ ਗੁਨਬੀਰ ਸਿੰਘ, ਪ੍ਰਿੰ: ਡਾ. ਕੰਵਲਜੀਤ ਸਿੰਘ ਨੇ ਆਏ ਮਹਿਮਾਨਾਂ ਨਾਲ ਮਿਲ ਕੇ ਸੈਮੀਨਾਰ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਆ।
Punjab Post Daily Online Newspaper & Print Media