
ਨਵੀਂ ਦਿੱਲੀ, 19 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੀਆਂ ਸੰਗਤਾਂ ਨਾਲ ਰਾਫਤਾ ਕਾਇਮ ਕਰਨ ਲਈ ਉਲੀਕੀਆਂ ਜਾ ਰਹੀਆਂ ਪੰਥਕ ਚੇਤਨਾ ਲਹਿਰ ਵਿਸ਼ੇ ਤੇ ਦਿੱਲੀ ਦੇ ਨੋਰਥ, ਸੈਂਟਰਲ ਜ਼ੋਨ ਤੋਂ ਬਾਅਦ ਹੁਣ 2 ਮੀਟਿੰਗਾਂ ਵੈਸਟ, 1 ਇਸਟ ਅਤੇ 1 ਸਾਉਥ ਜ਼ੋਨ ਵਿੱਚ ਕਰਵਾਈ ਗਈ ਹੈ। ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਿਲ ਹੋ ਰਹੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਜਿਥੇ ਸੰਗਤਾਂ ਦੇ ਸਾਹਮਣੇ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦਾ ਰਿਪੋਰਟ ਕਾਰਡ ਸਾਹਮਣੇ ਰੱਖ ਰਹੇ ਹਨ ਉਥੇ ਨਾਲ ਹੀ ਸੰਗਤਾਂ ਦੇ ਸੁਝਾਵ ਅਤੇ ਸ਼ਿਕਾਇਤਾਂ ਵੀ ਆਪ ਨੋਟ ਕਰ ਰਹੇ ਹਨ। ਸਾਉਥ ਜ਼ੋਨ ਦੀ ਮੀਟਿੰਗ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੋੌਨੀ ਵਿਖੇ ਹਜਾਰਾਂ ਸੰਗਤਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ. ਨੇ ਜਿਥੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਭੰਡੀ ਪ੍ਰਚਾਰ ਕਰਾਰ ਦਿੱਤਾ ਉਥੇ ਨਾਲ ਹੀ ਕਮੇਟੀ ਪ੍ਰਬੰਧ ਵਿੱਚ ਕਿਸੇ ਪ੍ਰਕਾਰ ਦੀ ਖਾਮੀ ਨਾ ਹੋਣ ਦਾ ਵੀ ਦਾਅਵਾ ਕੀਤਾ।
ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਨਾਲ ਲਗਦੇ ਦਿੱਲੀ ਕਮੇਟੀ ਵਾਰਡਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਕਾਲਕਾ ਨੇ ਦਿੱਲੀ ਕਮੇਟੀ ਵੱਲੌਂ ਪੰਥਕ ਸੋਚ ਨੂੰ ਅੱਗੇ ਰੱਖ ਕੇ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਵੀ ਰੱਖਿਆ। ਕਾਲਕਾ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਪਾਰਟੀ ਨੇ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੱਕ ਪਹੁੰਚਾਇਆ ਹੈ ਤੇ ਇਸ ਵਿਧਾਇਕੀ ਨੂੰ ਪ੍ਰਾਪਤ ਕਰਨ ਲਈ ਕਦੇ ਵੀ ਉਨ੍ਹਾਂ ਨੂੰ ਦਿੱਲੀ ਕਮੇਟੀ ਦੇ ਸੇਵਾਦਾਰ ਵੱਜੋਂ ਪੰਥਕ ਏਜੰਡੇ ਤੇ ਚਲਣ ਤੋਂ ਗੁਰੇਜ਼ ਕਰਨ ਦਾ ਕਦੇ ਇਸ਼ਾਰਾ ਵੀ ਨਹੀਂ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ, ਕੁਲਦੀਪ ਸਿੰਘ ਸਾਹਨੀ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਜਰਨਲ ਸਕੱਤਰ ਬੀਬੀ ਸਨਮੀਤ ਕੌਰ ਅਰੋੜਾ, ਅਕਾਲੀ ਦਲ ਦੇ ਮੀਤ ਪ੍ਰਧਾਨ ਵਿਕ੍ਰਮ ਸਿੰਘ ਤੇ ਹਰਚਰਣ ਸਿੰਘ ਗੁਲਸ਼ਨ, ਇੰਡੀਆ ਗੇਟ ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ ਅਤੇ ਕਮੇਟੀ ਦੇ ਆਈ.ਟੀ. ਸਲਾਹਕਾਰ ਵਿਕ੍ਰਮ ਸਿੰਘ ਸਣੇ ਸੈਂਕੜੇ ਕਾਰਕੂੰਨ ਮੌਜੂਦ ਸਨ।
Punjab Post Daily Online Newspaper & Print Media