ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ
ਗੁਰਬਾਣੀ ਪ੍ਰਸਾਰਣ ਲਈ ਜਲਦ ਹੀ ਖੁੱਲ੍ਹੇ ਟੈਂਡਰ ਮੰਗੇ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਕਾਰਜ਼ ਲਈ ਪੰਜ ਮੈਂਬਰੀ ਕਮੇਟੀ ਗਠਤ ਕੀਤੀ ਗਈ ਹੈ, ਜੋ ਨਿਯਮ ਅਤੇ ਸ਼ਰਤਾਂ ਤੈਅ ਕਰੇਗੀ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਸਬੰਧੀ ਕੁੱਝ ਲੋਕ ਵੱਲੋਂ ਜਾਣਬੁੱਝ ਕੇ ਬੇਲੋੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਵਿਚ ਸ਼ਾਮਲ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਅਰਸੇ ਦੌਰਾਨ ਨਿਯਮਾਂ ਤਹਿਤ ਗੁਰਬਾਣੀ ਪ੍ਰਸਾਰਣ ਦੇ ਹੱਕ ਵੱਖ-ਵੱਖ ਚੈਨਲਾਂ ਨੂੰ ਦਿੱਤੇ ਸਨ, ਜਿਸ ਤਹਿਤ ਮੌਜੂਦਾ ਸਮੇਂ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮ: (ਪੀ.ਟੀ.ਸੀ ਚੈਨਲ) ਨਾਲ ਚੱਲ ਰਿਹਾ ਇਕਰਾਰਨਾਮਾ ਜੁਲਾਈ 2023 ਤੱਕ ਹੈ।ਇਹ ਇਕਰਾਰਨਾਮਾ 24 ਜੁਲਾਈ 2012 ਨੂੰ 11 ਸਾਲ ਲਈ ਹੋਇਆ ਸੀ ਅਤੇ ਹੁਣ ਇਸ ਦੇ ਸਮਾਪਤ ਹੋਣ ’ਤੇ ਨਵੇਂ ਸਿਰਿਓਂ ਕਾਰਵਾਈ ਕੀਤੀ ਜਾਣੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਕਰਾਰਨਾਮੇ ਤਹਿਤ ਜੀ-ਨੈਕਸਟ ਮੀਡੀਆ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵਿਦਿਆ ਫੰਡ ਲਈ 1 ਕਰੋੜ ਰੁਪਏ ਸਾਲਾਨਾ (10% ਸਾਲਾਨਾ ਵਾਧੇ ਨਾਲ) ਦੇਣਾ ਤੈਅ ਹੋਇਆ ਸੀ, ਜਿਸ ਅਨੁਸਾਰ ਬਣਦੀ ਹੁਣ ਤਕ ਦੀ ਸਾਰੀ ਰਾਸ਼ੀ ਜਮ੍ਹਾ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਇਕ ਮਰਯਾਦਾ ਬੇਹੱਦ ਲਾਜ਼ਮੀ ਹੈ, ਜਿਸ ਕਰਕੇ ਹਰ ਇਕ ਨੂੰ ਇਸ ਦੇ ਪ੍ਰਸਾਰਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ।ਜਿਹੜਾ ਵੀ ਗੁਰਬਾਣੀ ਪ੍ਰਸਾਰਣ ਦੇ ਹੱਕ ਪ੍ਰਾਪਤ ਕਰੇਗਾ ਉਸ ਨੂੰ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਤ ਮਰਯਾਦਾ ਅਤੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।ਗੁਰਬਾਣੀ ਦਾ ਪ੍ਰਸਾਰਣ ਪੂਰੀ ਦੁਨੀਆਂ ਵਿਚ ਕਰਨਾ ਲਾਜ਼ਮੀ ਹੋਵੇਗਾ। ਉਨਾਂ ਕਿਹਾ ਜੇਕਰ ਖੁੱਲ੍ਹੇਆਮ ਗੁਰਬਾਣੀ ਪ੍ਰਸਾਰਣ ਦੀ ਆਗਿਆ ਦੇ ਦਿੱਤੀ ਜਾਵੇ ਤਾਂ ਮਰਯਾਦਾ ਵਿਰੁੱਧ ਕਈ ਮਾਮਲੇ ਉਭਰਨਗੇ, ਖਾਸਕਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਵਿਵਾਦ ਪੈਦਾ ਹੋਣਗੇ।ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬੇਹੱਦ ਸੰਜ਼ੀਦਾ ਹੈ, ਜਦਕਿ ਪੰਜਾਬ ਦੇ ਮੁੱਖ ਮੰਤਰੀ ਇਸ ’ਤੇ ਰਾਜਨੀਤੀ ਕਰ ਰਹੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਹਰਜਾਪ ਸਿੰਘ ਸੁਲਤਾਨਵਿੰਡ, ਗੁਰਪ੍ਰੀਤ ਸਿੰਘ ਝੱਬਰ, ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ਼ਾਹਬਾਜ਼ ਸਿੰਘ, ਜਸਵਿੰਦਰ ਸਿੰਘ ਜੱਸੀ ਹਾਜ਼ਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media