ਕਿਹਾ, ਭਗਤ ਜੀ ਦੀ ਜੀਵਨੀ ਨੂੰ ਸਿਲੇਬਸ ਵਿੱਚ ਕੀਤਾ ਜਾਵੇਗਾ ਸ਼ਾਮਲ
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਜੀ ਨੋਬਲ ਪੁਰਸਕਾਰ ਦੇ ਅਸਲੀ ਹੱਕਦਾਰ ਹਨ ਅਤੇ ਕੇਦਰ ਸਰਕਾਰ ਨੂੰ ਗੁਜਾਜਿਸ਼ ਕਰਾਂਗੇ ਕਿ ਉਹ ਭਗਤ ਜੀ ਦਾ ਨਾਮ ਨੋਬਲ ਪੁਰਸਕਾਰ ਲਈ ਭੇਜੇ।ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੇ 119ਵਾਂ ਜਨਮ ਦਿਹਾੜੇ ਸਬੰਧੀ ਕਰਵਾਏ ਸਮਾਗਮ ਮੌਕੇ ਬੋਲਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਵਾਰਸ ਹੁੰਦੇ ਹੋਏ ਅਸੀ ਉਨਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਈਏ।ਉਨਾਂ੍ਹ ਕਿਹਾ ਕਿ ਅੱਜ ਭਗਤ ਕਬੀਰ ਜੀ ਦਾ ਵੀ ਜਨਮ ਦਿਹਾੜਾ ਹੈ।ਉਹ ਉਨ੍ਹਾਂ ਅੱਗੇ ਵੀ ਨਤਮਸਤਕ ਹੁੰਦੇ ਹਨ, ਜਿੰਨਾਂ ਨੇ ਉਸ ਸਮਂੇ ਆਪਣੀ ਬਾਣੀ ਰਾਹੀ ਲੋਕਾਂ ਨੂੰ ਸੱਚ ਦਾ ਰਾਹ ਦਿਖਾਇਆ।
ਸੰਧਵਾਂ ਨੇ ਕਿਹਾ ਕਿ ਜੋ ਕੰਮ ਭਗਤ ਪੂਰਨ ਸਿੰਘ ਨੇ ਕੀਤਾ ਹੈ, ਉਹ ਕੰਮ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀ ਕਰ ਸਕਦਾ।ਉਨ੍ਹਾਂ ਕਿਹਾ ਕਿ ਬਿਨਾਂ ਨਿਰਸੁਆਰਥ ਲੋਕਾਂ ਦੀ ਸੇਵਾ ਕਰਨਾ ਹੀ ਭਗਤ ਜੀ ਦਾ ਮੁੱਖ ਉਦੇਸ਼ ਸੀ ਅਤੇ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਬੇਸਹਾਰਾ ਲੋਕਾਂ ਦੀ ਭਲਾਈ ਵਿਚ ਹੀ ਗੁਜ਼ਾਰ ਦਿੱਤੀ।ਸਪੀਕਰ ਪੰਜਾਬ ਵਿਧਾਨ ਸਭਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖਣਗੇ ਕਿ ਭਗਤ ਪੂਰਨ ਸਿੰਘ ਦੀ ਜੀਵਨੀ ਸਿਲੇਬਸ ਵਿਚ ਸ਼ਾਮਲ ਕੀਤੀ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਭਗਤ ਪੂਰਨ ਸਿੰਘ ਜੀ ਤੋਂ ਸੇਧ ਮਿਲ ਸਕੇ।ਸੰਧਵਾਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਇਕ ਸੰਵੇਦਨਸ਼ੀਲ ਲੇਖਕ, ਵਾਤਾਵਰਣ ਪ੍ਰੇਮੀ ਅਤੇ ਪਰਉਪਕਾਰੀ ਪੁਰਸ਼ ਸਨ, ਜਿੰਨ੍ਹਾਂ ਨੇ ਜਵਾਨੀ ਵਿੱਚ ਹੀ ਆਪਣਾ ਜੀਵਨ ਮਾਨਵਤਾ ਦੇ ਲੇਖੇ ਲਾਉਣ ਦਾ ਫੈਸਲਾ ਕਰ ਲਿਆ ਸੀ ਅਤੇ ਆਪਣੀ ਸਾਰੀ ਜਿੰਦਗੀ ਬਿਮਾਰ, ਬੇਸਹਾਰਾ ਅਤੇ ਅਪਾਹਜ਼ ਲੋਕਾਂ ਦੀ ਸੇਵਾ ਨੂੰ ਸਮਰਪਿਤ ਇਸ ਘਰ ਪਿੰਗਲਵਾੜਾ ਦੀ ਸਥਾਪਨਾ ਕਰ ਕੇ ਕੀਤੀ।
ਭਗਤ ਪੂਰਨ ਸਿੰਘ ਦੀ ਦੂਰਅੰਦੇਸ਼ੀ ਇਸ ਤੋਂ ਪਤਾ ਲੱਗਦੀ ਹੈ ਕਿ ਉਨ੍ਹਾਂ ਨੇ ਸਾਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਮਝਦਿਆਂ ਪ੍ਰਦੂਸਣ ਨੂੰ ਰੋਕਣ ਲਈ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਸੀ।ਉਨ੍ਹਾਂ ਕਿਹਾ ਇਸ ਮਹਾਨ ਭਗਤ ਪੂਰਨ ਸਿੰਘ ਜੀ ਦਾ ਬੁੱਤ ਸ਼ਹਿਰ ਵਿੱਚ ਜ਼ਰੂਰ ਲੱਗਣਾ ਚਾਹੀਦਾ ਹੈ।ਉਨ੍ਹਾਂ ਪਿੰਗਲਾਵਾੜਾ ਸੁਸਾਇਟੀ ਨੂੰ ਕਿਹਾ ਕਿ ਉਹ ਜਿਥੇ ਬੁੱਤ ਲੱਗਣਾ ਹੈ ਦੇ ਖੇਤਰ ਦੀ ਪਛਾਣ ਕਰਨ ਅਤੇ ਉਹ ਆਪਣੇ ਕੋਲੋਂ ਭਗਤ ਪੂਰਨ ਸਿੰਘ ਜੀ ਦਾ ਬੁੱਤ ਲਗਾ ਕੇ ਦੇਣਗੇ।ਸੰਧਵਾ ਨੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਕੀਤੀ ਕਿਤਾਬ ਕਿਸਾਨ ਜਨ ਅਦੋਲਨ ਵੀ ਜਾਰੀ ਕੀਤੀ।ਪਿੰਗਲਵਾੜਾ ਸੁਸਾਇਟੀ ਵਲੋ ਸੰਧਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਸਾਰੀ ਉਮਰ ਨਿਰਸੁਆਰਥ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਹਮੇਸ਼ਾਂ ਅੱਗੇ ਰਹੇ।ਵੱਡੀ ਗਿਣਤੀ ‘ਚ ਹਾਜ਼ਰ ਵਿਦਵਾਨਾਂ ਵਲੋਂ ਵੀ ਆਪਣੇ ਵਾਤਾਵਰਣ, ਹਵਾ, ਪਾਣੀ ਅਤੇ ਮਿੱਟੀ ਨੂੰ ਬਚਾਉਣ ਦਾ ਹੋਕਾ ਦਿੱਤਾ ਗਿਆ।
ਇਸ ਮੌਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਸਤਪਾਲ ਸੋਖੀ, ਰਵਿੰਦਰ ਹੰਸ, ਪ੍ਰਿੰਸੀਪਲ ਖਾਲਸਾ ਕਾਲਜ ਡਾ: ਮਾਹਲ ਸਿੰਘ, ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਮੁਖਤਿਆਰ ਸਿੰਘ, ਡਾ: ਜਗਦੀਪਕ ਸਿੰਘ, ਹਰਜੀਤ ਸਿੰਘ ਅਰੋੜਾ ਵੀ ਹਾਜ਼ਰ ਸਨ।