ਸਵੈ ਨਿਧੀ ਸਕੀਮ ਦੇ ਯੋਗ ਪਾਤਰੀਆਂ ਨੂੰ ਤੁਰੰਤ ਕਰਜ਼ਾ ਦੇਣ ਦੀ ਹਦਾਇਤ
ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਜਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜਿਲ੍ਹੇ ਵਿੱਚ
ਕੰਮ ਕਰ ਰਹੇ ਸਾਰੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਪਿੰਡਾਂ ਨੂੰ ਅਗਲੇ ਤਿੰਨ ਮਹੀਨਿਆਂ ਦੌਰਾਨ ਬੈਂਕਿੰਗ ਖੇਤਰ ਨਾਲ ਸਿੱਧੇ ਤੌਰ ‘ਤੇ ਜੋੜਿਆ ਜਾਵੇ।ਜਿਲ੍ਹੇ ਵਿੱਚ 800 ਦੇ ਕਰੀਬ ਪਿੰਡ ਹਨ, ਜਦਕਿ ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਬੈਂਕਾਂ ਦੀਆਂ 263 ਬਰਾਂਚਾਂ ਹਨ।ਜਿਸ ਤੋਂ ਸਪੱਸ਼ਟ ਹੈ ਕਿ ਕਈ ਪਿੰਡ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਹਨ।ਉਨਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਕਰਜ਼ਾ ਦੇਣਾ ਅਤੇ ਉਨਾਂ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਕਰਨਾ ਬੈਂਕਾ ਦਾ ਮੁੱਢਲਾ ਫਰਜ਼ ਹੈ।ਉਨਾਂ ਬੈਂਕਾਂ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਣ, ਛੋਟੇ ਕਿਸਾਨਾਂ, ਛੋਟੇ ਵਪਾਰੀਆਂ, ਕਿਰਤੀਆਂ, ਮਜ਼ਦੂਰਾਂ ਅਤੇ ਗਰੁੱਪ ਫਾਈਨਾਂਸ ਨੂੰ ਤਰਜ਼ੀਹ ਦੇਣ ਲਈ ਹਦਾਇਤ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਲੋਕਾਂ ਜਿਨ੍ਹਾਂ ਨੂੰ ਕਰਜ਼ੇ ਦੀ ਵੱਧ ਲੋੜ ਹੁੰਦੀ ਹੈ।ਇਸ ਲਈ ਅਜਿਹੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਬੈਂਕ ਵਿਸ਼ੇਸ਼ ਧਿਆਨ ਦੇਣ।ਉਨਾਂ ਨੇ ਕੋਰੋਨਾ ਤੋਂ ਬਾਅਦ ਬੈਂਕਿੰਗ ਖੇਤਰ ਦੀ ਕਾਰਗੁਜਾਰੀ ਵਿੱਚ ਹੋਏ ਵਾਧੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਬੈਂਕਰਾਂ ਨੂੰ ਕਿਹਾ ਕਿ ਉਹ ਇਸ ਤਰੱਕੀ ਦਾ ਲਾਭ ਆਪਣੇ ਕੰਮ ਵਿੱਚ ਵਿਸਥਾਰ ਕਰਕੇ ਹੋਰ ਲੋਕਾਂ ਨੂੰ ਦੇਣ।ਤਲਵਾੜ ਨੇ ਕਿਹਾ ਕਿ ਸਰਕਾਰ ਦੇ ਤਰਜ਼ੀਹੀ ਖੇਤਰਾਂ ਵਿੱਚ ਬੈਂਕਾਂ ਨੂੰ ਕੰਮ ਕਰਨ ਦੀ ਲੋੜ ਹੈ ਤਾਂ ਜੋ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕੀਤੇ ਜਾ ਸਕਣ।
ਤਲਵਾੜ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਗਾਹਕਾਂ ਨੂੰ ਡਿਜ਼ੀਟਲ ਬੈਂਕਿੰਗ ਨਾਲ ਜੋੜਨ ਲਈ ਇਸ ਦੀ ਵਿਸ਼ੇਸ ਸਿਖਲਾਈ ਦੇਣ ਤਾਂ ਜੋ ਜਿਥੇ ਲੋਕ ਇਸ ਦਾ ਲਾਹਾ ਲੈ ਸਕਣ, ਉਥੇ ਆਨਲਾਈਨ ਹੁੰਦੀ ਧੋਖੇਬਾਜ਼ੀ ਤੋਂ ਵੀ ਬਚ ਸਕਣ।ਉਨਾਂ ਕਿਹਾ ਕਿ ਜਵਾਨ ਹੋ ਰਹੇ ਬੱਚੇ, ਜਿਨਾਂ ਨੇ ਬਾਲਗ ਹੋਣਾ ਹੈ ਜਾਂ ਹੋ ਚੁੱਕੇ ਹਨ, ਨੂੰ ਵੀ ਬੈਂਕਾਂ ਦੀਆਂ ਸੇਵਾਵਾਂ ਅਤੇ ਡਿਜ਼ੀਟਲ ਬੈਂਕਿੰਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀ ਸ੍ਰੀਮਤੀ ਗਰਿਮਾ, ਲੀਡ ਬੈਂਕ ਮੈਨੇਜਰ ਪ੍ਰੀਤਮ ਸਿੰਘ, ਨਾਬਾਰਡ ਦੇ ਡੀ.ਐਮ ਜਸਕੀਰਤ ਸਿੰਘ ਅਤੇ ਹੋਰ ਬੈਂਕਾਂ ਦੇ ਜਿਲ੍ਹਾ ਮੈਨੇਜ਼ਰ ਹਾਜ਼ਰ ਸਨ।
Punjab Post Daily Online Newspaper & Print Media