Tuesday, April 28, 2026

ਡਾ. ਸੁਹਿੰਦਰਬੀਰ ਵੱਲੋਂ ਹੋਣਹਾਰ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ 5 ਲੱਖ ਦੀ ਰਾਸ਼ੀ ਭੇੇਂਟ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫੈ਼ਸਰ ਡਾ. ਸੁਹਿੰਦਰਬੀਰ ਨੇ ਆਪਣੀ ਸਵਰਗਵਾਸੀ ਧਰਮ ਪਤਨੀ ਸ੍ਰੀਮਤੀ ਹਰਚਰਨ ਕੌਰ ਦੀ ਯਾਦ ਵਿਚ ਪੰਜਾਬੀ ਵਿਭਾਗ ਦੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਦਾਨ ਕਰਨ ਹਿੱਤ ਪੰਜ ਲੱਖ ਰੁਪਏ ਦੀ ਰਾਸ਼ੀ ਯੂਨੀਵਰਸਿਟੀ ਨੂੰ ਭੇਂਟ ਕੀਤੀ ਹੈ।ਉਨ੍ਹਾਂ ਨੇ ਇਹ ਰਾਸ਼ੀ ਚੈਕ ਰਾਹੀਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਭੇਂਟ ਕੀਤੀ।ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰ੍ੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਵੀ ਹਾਜ਼ਰ ਸਨ।
ਉਪ-ਕੁਲਪਤੀ ਡਾ. ਸੰਧੂ ਨੇ ਡਾ. ਸੁਹਿੰਦਰਬੀਰ ਵਲੋਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਸਦਕਾ ਮਾਂ ਬੋਲੀ ਪੰਜਾਬੀ ਵਿਚ ਉੱਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹ ਮਿਲੇਗਾ।ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਡਾ. ਸੁਹਿੰਦਰਬੀਰ ਵਲੋਂ ਭੇਂਟ ਕੀਤੀ ਗਈ ਇਸ ਰਾਸ਼ੀ ਨੂੰ ਸਵਰਗਵਾਸੀ ਸ੍ਰੀਮਤੀ ਹਰਚਰਨ ਕੌਰ ਦੇ ਨਾਮ ‘ਤੇ ਇੱਕ ਐਂਡੋਮੈਂਟ ਫੰਡ ਕਾਇਮ ਕਰਦੇ ਹੋਏ ਫਿਕਸਡ ਡਿਪਾਜ਼ਿਟ ਕਰਵਾ ਦਿੱਤਾ ਜਾਵੇਗਾ।ਇਸ ਤੋਂ ਹਰ ਸਾਲ ਪ੍ਰਾਪਤ ਹੋਣ ਵਾਲੇ ਵਿਆਜ ਦੀ ਰਾਸ਼ੀ ਪੰਜਾਬੀ ਵਿਭਾਗ ਦੇ ਚੋਣਵੇਂ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਵਜੋਂ ਦਿੱਤਾ ਜਾਵੇਗਾ।ਉਨ੍ਹਾਂ ਨੇ ਡਾ. ਸੁਹਿੰਦਰਬੀਰ ਦਾ ਧੰਨਵਾਦ ਕੀਤਾ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …