ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ
ਰਾਹਤ ਸਮੱਗਰੀ ਦੇ 3 ਟਰੱਕ ਅੱਜ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤੇ ਗਏ।ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਕਾਰਜ਼ਾਂ ਵਿਚ ਸਹਿਯੋਗੀ ਬਣਦਿਆਂ ਇਹ ਰਾਹਤ ਸਮੱਗਰੀ ਸ਼੍ਰੋਮਣੀ ਕਮੇਟੀ ਦੇ ਮੁੰਬਈ ਤੋਂ ਮੈਂਬਰ ਗੁਰਿੰਦਰ ਸਿੰਘ ਬਾਵਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਭੇਜੀ ਹੈ।ਦਿੱਲੀ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਰਾਹਤ ਸਮੱਗਰੀ ਦੇ ਟਰੱਕ ਰਵਾਨਾ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਥੇ ਪ੍ਰਭਾਵਿਤ ਇਲਾਕਿਆਂ ਵਿਚ ਲੰਗਰ ਤਿਆਰ ਕਰਕੇ ਭੇਜਿਆ ਗਿਆ ਹੈ, ਉਥੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵੀ ਭੇਜੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਇਸ ਲਈ ਸੁਲਤਾਨਪੁਰ ਲੋਧੀ, ਬਜੀਦਪੁਰ, ਤਲਵੰਡੀ ਸਾਬੋ, ਫ਼ਤਹਿਗੜ੍ਹ ਸਾਹਿਬ ਆਦਿ ਨੂੰ ਕੇਂਦਰ ਬਣਾਇਆ ਗਿਆ ਹੈ, ਜਿਥੋਂ ਅੱਗੇ ਪ੍ਰਭਾਵਿਤ ਇਲਾਕਿਆਂ ਵਿਚ ਪੁੱਜਦਾ ਕੀਤਾ ਜਾ ਰਿਹਾ ਹੈ।ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਦਿੱਲੀ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਬੱਬਰ ਅਤੇ ਬੀਬੀ ਰਣਜੀਤ ਕੌਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਔਖੇ ਸਮੇਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਤਨਾਮ ਸਿੰਘ ਜੱਗਾ, ਗੁਰਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਪਰਮਜੀਤ ਸਿੰਘ ਖੁਰਾਣਾ, ਗੁਰਮੀਤ ਸਿੰਘ ਸ਼ੈਂਟੀ, ਪ੍ਰਭਜੋਤ ਸਿੰਘ, ਰਾਜੇਸ਼ ਗੇਹਰਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਹਰਭਜਨ ਸਿੰਘ ਵਕਤਾ, ਹਰਮੀਤ ਸਿੰਘ ਸਲੂਜਾ ਆਦਿ ਹਾਜ਼ਰ ਸਨ।
Punjab Post Daily Online Newspaper & Print Media