Monday, October 5, 2026

“ਕਿਛੁ ਸੁਣੀਐ ਕਿਛੁ ਕਹੀਐ” ਦੇ ਅੰਤਰਗਤ ਗਜ਼ਲਗੋ ਜਸਵੰਤ ਧਾਪ ਨਾਲ ਰਚਾਈ ਸਾਹਿਤਕ ਗੁਫ਼ਤਗੂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਰੋਧੀ ਫੈਸਲੇ ਦੀ ਸਾਹਿਤਕਾਰਾਂ ਵਲੋਂ ਨਿਖੇਧੀ

ਅੰਮ੍ਰਿਤਸਰ, 20 ਜੁਲਾਈ (ਦੀਪ ਦਵਿੰਦਰ ਸਿੰਘ) – ਸੂਫੀਆਂ, ਗੁਰੂਆਂ, ਪੀਰਾਂ ਫਕੀਰਾਂ ਅਤੇ ਸਾਹਿਤਕਾਰਾਂ ਵਲੋਂ ਹੋਂਦ ਵਿੱਚ ਲਿਆਂਦੀ ਗੌਰਵਮਈ ਸੰਵਾਦ ਪਰੰਪਰਾ “ਕਿਛੁ ਸੁਣੀਐ ਕਿਛੁ ਕਹੀਐ ” ਦੇ ਅੰਤਰਗਤ ਰਾਬਤਾ ਮੁਕਾਲਮਾਂ ਕਾਵਿ ਮੰਚ ਵਲੋਂ ਅਰੰਭੀ ਲੜੀ ਤਹਿਤ ਗਜ਼ਗੋ ਜਸਵੰਤ ਧਾਪ ਨਾਲ ਸਹਿਤਕ ਗੁਫ਼ਤਗੂ ਰਚਾਈ ਗਈ।
ਸਮਾਗਮ ਦੇ ਕਨਵੀਨਰ ਸਰਬਜੀਤ ਸਿੰਘ ਸੰਧੂ ਵਲੋਂ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਜਨਵਾਦੀ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਮੋਨ ਧਾਰਨ ਕਰਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਗਏ।
ਕੇਂਦਰੀ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਬੰਧਤ ਕਾਲਜਾਂ ਵਿੱਚ ਪੰਜਾਬੀ ਵਿਸ਼ਾ ਲਾਜ਼ਮੀ ਪੜਾਏ ਜਾਣ ਸਬੰਧੀ ਪੈਦਾ ਹੋਏ ਵਿਵਾਦ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਦੀ ਹਾਜ਼ਰ ਸਾਹਿਤਕਾਰਾਂ ਵਲੋਂ ਨਿਖੇਧੀ ਕੀਤੀ ਗਈ।ਉਹਨਾਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਵਲੋਂ ਯੂਨੀਵਰਸਿਟੀ ਦੇ ਇਸ ਫੈਸਲੇ ਵਿਰੁੱਧ ਲਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਯੂਨੀਵਰਸਿਟੀ ਅਧਿਕਾਰੀ ਮਾਤ ਭਾਸ਼ਾ ਦੀ ਬਿਹਤਰੀ ਅਤੇ ਪ੍ਰਫੁੱਲਿਤਾ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬੀ ਨੂੰ ਪਹਿਲ ਦੇ ਆਧਾਰ ‘ਤੇ ਪੜਾਉਣ।
ਜਸਵੰਤ ਧਾਪ ਹੁਰਾਂ ਆਪਣੀਆਂ ਖੂਬਸੂਰਤ ਗਜ਼ਲਾਂ ਤਰੰਨੁਮ ਵਿੱਚ ਗਾ ਕੇ ਸਿਖਰ ਸਿਰਜ਼ਿਆ ਅਤੇ ਕਿਹਾ ਕਿ ਸਥਾਪਿਤ ਲੇਖਕ ਹਮੇਸ਼ਾਂ ਉਹਨਾਂ ਦੇ ਪ੍ਰੇਰਣਾ ਸਰੋਤ ਰਹੇ ਹਨ।ਰਚਨਾਵਾਂ ਦੇ ਚੱਲੇ ਦੌਰ ਵਿੱਚ ਸ਼ਾਇਰ ਮਲਵਿੰਦਰ, ਡਾ. ਮੋਹਨ, ਜਗਤਾਰ ਗਿੱਲ, ਡਾ. ਭੁਪਿੰਦਰ ਸਿੰਘ ਫੇਰੂਮਾਨ, ਬਲਜਿੰਦਰ ਮਾਂਗਟ ਅਤੇ ਸਤਿੰਦਰ ਓਠੀ ਨੇ ਸਮਾਗਮ ਵਿੱਚ ਕਾਵਿਕ ਰੰਗ ਬਿਖੇਰਿਆ।ਅੰਤ ‘ਤੇ ਹਰਜੀਤ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਵੀ ਭਰੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …