ਇਤਿਹਾਸਕ ਸਿੱਖ ਪਿਛੋਕੜ ਨੂੰ ਦਰਸਾਉਂਦੀ ਗੈਲਰੀ ਅਜੂਬਾ ਹੋਵੇਗੀ – ਛੀਨਾ
ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ-ਦਿੱਲੀ-ਕਟੜਾ ਐਕਸਪ੍ਰੈਸ ਵੇਅ ਸਬੰਧੀ ਜਾਇਜ਼ਾ ਲੈਣ ਗੁਰੂ ਨਗਰੀ ਪੁੱਜੇ ਕੇਂਦਰੀ ਮੰਤਰੀ
ਨਿਤਿਨ ਗਡਕਰੀ ਨੇ ਇਕ ਮੀਟਿੰਗ ਦੌਰਾਨ ਕਰੀਬ 40 ਹਜ਼ਾਰ ਕਰੋੜ ਰੁਪਏ ਦੇ ਬਜ਼ਟ ਨਾਲ ਬਿਆਸ ਦਰਿਆ ਉਪਰ ਤਿਆਰ ਹੋਣ ਵਾਲੀ ਆਧੁਨਿਕ ਤਕਨੀਕ ਵਾਲੀ ਪਿੱਲਰਾਂ ਰਹਿਤ ‘ਸਿੱਖ ਗੈਲਰੀ’ ਦੇ ਐਲਾਨ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਪ੍ਰੋਜੈਕਟ ਨੂੰ ਇਤਿਹਾਸਕ ਦੱਸਿਆ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲ ਸਬੰਧਿਤ ਬਣਨ ਜਾ ਰਹੀ ਇਹ ਵਿਸ਼ੇਸ਼ ਗੈਲਰੀ ਜੋ ਕਿ ਅੰਮ੍ਰਿਤਸਰ, ਪੰਜਾਬ ਹੀ ਨਹੀਂ ਪੂਰੇ ਦੇਸ਼ ਲਈ ਇਕ ਅਜ਼ੂਬਾ ਸਿੱਧ ਹੋਵੇਗਾ।
ਅੰਮ੍ਰਿਤਸਰ ਵਿਖੇ ਸੜਕੀ ਮਾਰਗ ਦੇ ਜਾਇਜ਼ੇ ਲਈ ਆਪਣੇ ਵਿਸ਼ੇਸ਼ ਦੌਰੇ ’ਤੇ ਪੁੱਜੇ ਗਡਕਰੀ ਨੇ ਇਕ ਸਮਾਗਮ ਦੌਰਾਨ ਆਪਣੇ ਭਾਸ਼ਣ ’ਚ ਛੀਨਾ ਨੂੰ ਉਕਤ ਪ੍ਰੋਜੈਕਟ ਦੇ ਡਿਜ਼ਾਈਨ ਅਤੇ ਕੰਨਸੈਪਟ ਦੀ ਜ਼ਿੰਮੇਵਾਰੀ ਸੌਂਪਣ ਦਾ ਜਨਤਕ ਐਲਾਨ ਕੀਤਾ ਸੀ।ਛੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗਡਕਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਸੌਂਪੀ ਗਈ ਉਕਤ ਜਿੰਮੇਵਾਰੀ ਨੂੰ ਨਿਭਾਉੇਂਦਿਆਂ ਉਨ੍ਹਾਂ ਪ੍ਰੋਜੈਕਟ ’ਤੇ ਕੰਮ ਆਰੰਭ ਕਰ ਦਿੱਤਾ ਹੈ।
ਛੀਨਾ ਨੇ ਕਿਹਾ ਕਿ ਉਕਤ ਉਲੀਕੇ ਪ੍ਰੋਜੈਕਟ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਮੀਨ ਦੇ ਬਦੋਬਸਤ ਲਈ ਆਪਣਾ ਸਹਿਯੋਗ ਦੇਣਗੇ, ਜੋ ਕਿ ਬਿਆਸ ਦਰਿਆ ’ਤੇ 400 ਮੀਟਰ ਉਚੇ ਟਾਵਰ ’ਤੇ ਤਿਆਰ ਹੋਵੇਗਾ।ਇੱਥੇ ਡੌਲਫਿਨ ਮੱਛੀਆਂ ਦੀ ਸਲਾਮਤੀ ਦੇ ਮੱਦੇਨਜ਼ਰ ਬਿਨ੍ਹਾਂ ਪਿੱਲਰਾਂ ਤੋਂ ਪੁੱਲ ਬਣੇਗਾ, ਜੋ ਜ਼ਮੀਨੀ ਪੱਧਰ ਤੋਂ ਉਚਾ ਹੋਵੇਗਾ ਤੇ ਤਾਰਾਂ ਨਾਲ ਲਟਕਾਅਿਾ ਹੋਵੇਗਾ।ਪੁੱਲ ਦੀ ਉਪਰਲੀ ਸਤ੍ਹਾ ਦੇ ਖੇਤਰ ’ਚ ਹੀ ਅਜਾਇਬ ਘਰ ਦੀ ਤਰਜ਼ ’ਤੇ ਨਵੀਂ ਇਮਾਰਤ ਉਸਾਰ ਕੇ ਪੰਜਾਬ, ਅੰਮ੍ਰਿਤਸਰ ਅਤੇ ਗੁਰੂ ਸਾਹਿਬਾਨ ਖਾਸ ਕਰਕੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਆਧੁਨਿਕ ਤਕਨੀਕਾਂ ਨਾਲ ਦਰਸਾਇਆ ਜਾਵੇਗਾ।
ਛੀਨਾ ਨੇ ਕਿਹਾ ਕਿ ਖ਼ਾਲਸਾ ਕਾਲਜ ਜੋ ਕਿ ਇੱਕ ਇਤਿਹਾਸ ਸੰਸਥਾ ਹੈ, ਇਸ ਲਈ ਗੈਲਰੀ ਦੇ ਅਗਲੇ ਪੜ੍ਹਾਅ ਉਲੀਕਣ ਲਈ ਅੱਜ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ’ਚ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਸਿੱਖ ਇਤਿਹਾਸ ਮਾਹਿਰ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਿੱਖ ਇਤਿਹਾਸ ਖੋਜ ਕੇਂਦਰ ਦੇ ਮੁੱਖੀ ਹਰਦੇਵ ਸਿੰਘ ਇਤਿਹਾਸਕ ਸਿੱਖ ਗੈਲਰੀ ਸਬੰਧੀ ਆਪਣੀ ਅਹਿਮ ਭੂਮਿਕਾ ਨਿਭਾਉਣਗੇ।ਉਨ੍ਹਾਂ ਕਿਹਾ ਕਿ ਗੈਲਰੀ ਦੇ ਕਾਰਜ਼ ਨੂੰ ਨੇਪਰੇ ਚਾੜ੍ਹਣ ਲਈ ਵਿਰੋਧੀ ਪਾਰਟੀਆਂ ਸੱਤਾਧਾਰੀ ‘ਆਪ’, ਕਾਂਗਰਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਇਹ ਅਜਾਇਬ ਘਰ ਦੁਨੀਆਂ ਭਰ ਲਈ ਇਕ ਇਤਿਹਾਸਕ, ਅਬੁੱਲ ਅਤੇ ਖਿੱਚ ਦਾ ਕੇਂਦਰ ਬਣ ਸਕੇ।
ਉਨ੍ਹਾਂ ਕਿਹਾ ਕਿ ਸਿੱਖਾਂ ਦਾ ਸੁਨਿਹਰੀ ਇਤਿਹਾਸ ਹੈ, ਸਿੱਖ ਮਿਹਨਤਕਸ਼, ਇਮਾਨਦਾਰ ਅਤੇ ਬਹਾਦਰ ਕੌਮ ਹੈ। ਜੇਕਰ 2 ਫੀਸਦੀ ਕਹਾਉਣ ਵਾਲੇ ਸਿੱਖਾਂ ਦੇ ਇਤਿਹਾਸ ਸਬੰਧੀ ਚਰਚਾ ਕੀਤੀ ਜਾਵੇ ਕਈ ਲੂੰ-ਕੰਢੇ ਖੜ੍ਹੇ ਕਰਨ ਵਾਲੇ ਕੀਰਤੀਮਾਨ ਸਿੱਖਾਂ ਨੇ ਸਥਾਪਿਤ ਕੀਤੇ ਹਨ ਅਤੇ ਦੇਸ਼ ਅਤੇ ਵਿਦੇਸ਼ ’ਚ ਤਰੱਕੀ ਅਤੇ ਖੁਸ਼ਹਾਲੀ ਲਈ ਸਿੱਖ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਗੈਲਰੀ ਨੂੰ ਵੇਖਣ ਆਉਣ ਵਾਲੇ ਸੈਲਾਨੀਆਂ ਲਈ ਕੈਪਸੂਲ ਲਿਫਟ ਦੀ ਸਹੂਲਤ ਤੋਂ ਇਲਾਵਾ ਪੰਜਾਬ ਦੇ ਪਸੰਦੀਦਾ ਪਕਵਾਨਾਂ ਦਾ ਇੰਤਜ਼ਾਮ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਾਟਰ ਸਪੋਰਟਸ, ਘੁੰਮਦੇ ਰੈਸਟੋਰੈਂਟ ਅਤੇ ਵਿਜ਼ਟਰ ਗੈਲਰੀ ਮੁੱਖ ਆਕਰਸ਼ਣ ਹੋਣਗੇ।ਇਹ ਵਿਸ਼ਾਲ ਪ੍ਰੋਜੈਕਟ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਲਈ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਅਤੇ ਭਾਰਤ-ਪਾਕਿਸਤਾਨ ਸਰਹੱਦ ’ਤੇ ਰੋਜ਼ਾਨਾ ਵਾਹਗਾ ਬਾਰਡਰ ਰੀਟਰੀਟ ਸਮਾਰੋਹ ਦੇਖਣ ਲਈ ਵਰਦਾਨ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਤਿਹਾਸਕ ਪਿਛੋਕੜ ਨੂੰ ਦਰਸਾਉਂਦਾ ਬਿਰਤਾਂਤ ਤਿਆਰ ਹੋਣ ਉਪਰੰਤ ਸੂਬਾ ਵਾਸੀਆਂ ਅਤੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ।ਛੀਨਾ ਨੇ ਕਿਹਾ ਕਿ ਸਿੱਖ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਤਿਆਰ ਕੀਤੀ ਜਾ ਰਹੀ ਉਕਤ ਗੈਲਰੀ ਲਈ ਦਿਨ ਰਾਤ ਇੱਕ ਕਰ ਦੇਣਗੇ।ਉਨ੍ਹਾਂ ਕਿਹਾ ਕਿ ਨਿਤਿਨ ਗਡਕਰੀ ਨੇ ਉਕਤ ਗੈਲਰੀ ਸਬੰਧੀ ਜੋ ਉਮੀਦ ਉਨ੍ਹਾਂ ’ਤੇ ਜਤਾਈ ਹੈ, ਉਸ ’ਤੇ ਖਰਾ ਉਤਰਣ ਲਈ ਉਹ ਹਮੇਸ਼ਾਂ ਤਤਪਰ ਰਹਿਣਗੇ।ਉਨ੍ਹਾਂ ਕਿਹਾ ਕਿ ਨੈਸ਼ਨਲ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੇ ਮਾਹਿਰਾਂ ਦੀ ਟੀਮ ਦਾ ਵੀ ਉਕਤ ਗੈਲਰੀ ਪ੍ਰੋਜੈਕਟ ਦੇ ਡਿਜ਼ਾਈਨ ਲਈ ਸਹਿਯੋਗ ਲਿਆ ਜਾਵੇਗਾ।
Punjab Post Daily Online Newspaper & Print Media