ਅੰਮ੍ਰਿਤਸਰ, 18 ਦਸੰਬਰ (ਦੀਪ ਦਵਿੰਦਰ ਸਿੰਘ) – ਯੰਗ ਮਲੰਗ ਥੀਏਟਰ ਨੇ ਬੀਤੇ ਦਿਨੀ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਨਾਟਕ ਕਿਰਾਏਦਾਰ ਦਾ ਮੰਚਨ
ਕੀਤਾ।ਇਹ ਨਾਟਕ ਮੁਕੇਸ਼਼ ਕੁੰਦਰਾ ਵਲੋਂ ਲਿਖੇ ਨਾਟਕ ਦਾ ਮੰਚਨ ਸਾਜਨ ਕਪੂਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ।ਨਾਟਕ ਦੇਖਣ ਲਈ ਵਿਸ਼ੇਸ਼ ਤੌਰ `ਤੇ ਪਹੁੰਚੇ ਰੋਟੇਰੀਅਨ ਸੁਨੀਲ ਕਪੂਰ, ਪੀ.ਸੀ.ਐਸ.ਐਚ ਸੁਪਨੰਦਨ, ਪੰਜਾਬ ਨਾਟਸ਼ਾਲਾ ਦੇ ਆਰਕੀਟੈਕਟ ਦਲਵੀਰ ਸਿੰਘ ਅਤੇ ਜਤਿੰਦਰ ਬਰਾੜ ਦਾ ਸਵਾਗਤ ਕੀਤਾ ਗਿਆ।
ਨਾਟਕ ਦੀ ਕਹਾਣੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਵਾਲੇ ਮਕਾਨ ਮਾਲਕ ਅਤੇ ਕਿਰਾਏਦਾਰ ਦੇ ਆਲੇ-ਦੁਆਲੇ ਘੁੰਮਦੀ ਹੈ।ਮਹਿੰਗਾਈ ਕਾਰਨ ਪਰਿਵਾਰ ਸੋਚਦਾ ਹੈ ਕਿ ਘਰ ਦਾ ਇੱਕ ਹਿੱਸਾ ਖਾਲੀ ਪਿਆ ਹੈ, ਕਿਉਂ ਨਾ ਇਸ ਨੂੰ ਕਿਰਾਏ `ਤੇ ਦੇ ਕੇ ਕੁੱਝ ਆਮਦਨੀ ਪੈਦਾ ਕੀਤੀ ਜਾਵੇ।ਪਰ ਕਿਰਾਏਦਾਰ ਕੁੱਝ ਸਮੇਂ ਬਾਅਦ ਕਿਰਾਇਆ ਦੇਣਾ ਬੰਦ ਕਰ ਦਿੰਦਾ ਹੈ।ਜਦੋਂ ਮਕਾਨ ਮਾਲਕ ਪੈਸੇ ਮੰਗਦਾ ਹੈ ਤਾਂ ਕਿਰਾਏਦਾਰ ਉਸ ਨੂੰ ਅਦਾਲਤ ਵਿੱਚ ਭੇਜਣ ਦੀ ਧਮਕੀ ਦਿੰਦਾ ਹੈ।ਅਖੀਰ ਇੱਕ ਦਿਨ ਅਜਿਹਾ ਹੁੰਦਾ ਹੈ ਕਿ ਮਕਾਨ ਮਾਲਕ ਆਪਣੇ ਹੀ ਘਰ ਵਿੱਚ ਕਿਰਾਏਦਾਰ ਬਣ ਜਾਂਦਾ ਹੈ।
ਨਾਟਕ ਵਿੱਚ ਹਾਸੇ-ਮਜ਼ਾਕ ਨਾਲ ਸਮਾਜ, ਲੋਕਾਂ ਦੀ ਸੋਚ, ਇਥੋਂ ਤੱਕ ਕਿ ਪੁਲਿਸ ਅਤੇ ਅਦਾਲਤਾਂ ਅਤੇ ਇੱਕ ਆਮ ਆਦਮੀ ਦੀ ਬੇਵਸੀ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਨਾਟਕ ਦੇ ਅੰਤ ਵਿੱਚ ਜਤਿੰਦਰ ਬਰਾੜ ਨੇ ਪੰਜਾਬ ਨਾਟਸ਼ਾਲਾ ਦੀ ਤਰਫੋਂ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਜਤਿੰਦਰ ਬਰਾੜ ਨੇ ਕਿਹਾ ਕਿ ਨਾਟਕ ਨੇ ਸਾਨੂੰ ਇਹ ਸਿਖਾਇਆ ਹੈ ਕਿ ਜਦੋਂ ਮਕਾਨ ਕਿਸੇ ਨੂੰ ਕਿਰਾਏ `ਤੇ ਦੇਣਾ ਪੈਂਦਾ ਹੈ ਤਾਂ ਪ੍ਰਸ਼ਾਸ਼ਨ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਦਿੱਤਾ ਜਾਵੇ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media