ਸਾਬਕਾ ਫੌਜੀਆਂ ਨੇ 250 ਲੋੜਵੰਦ ਵਿਅਕਤੀਆਂ ਨੂੰ ਵੰਡੇ ਕੱਪੜੇ
ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ 24 ਤੋਂ 29 ਫਰਵਰੀ ਤੱਕ ਮਨਾਏ ਜਾ ਰਹੇ ਰੰਗਲੇ ਪੰਜਾਬ ਮੇਲੇ ਦੌਰਾਨ ਦਾਨ ਨੂੰ ਨਵੀਂ
ਦਿਸ਼ਾ ਦੇਣ ਲਈ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਹੈਰੀਟੇਜ਼ ਸਟਰੀਟ ਵਿਖੇ ‘ਸੇਵਾ ਸਟਰੀਟ’ ਲਗਾਈ ਗਈ।ਜਿਸ ਦੇ ਪਹਿਲੇ ਹੀ ਦਿਨ ਅੱਜ ਕਰੀਬ 60 ਵਿਅਕਤੀਆਂ ਨੇ ਖੂਨਦਾਨ ਦਿੱਤਾ ਅਤੇ ਸਾਬਕਾ ਫੌਜੀਆਂ ਵਲੋਂ ਲਗਾਏ ਗਏ ਸਟਾਲ ਵਿੱਚ ਕਰੀਬ 250 ਲੋੜਵੰਦ ਵਿਅਕਤੀਆਂ ਨੂੰ ਕੱਪੜੇ ਅਤੇ ਬੱਚਿਆਂ ਨੂੰ ਪੁਸਤਕਾਂ ਦੀ ਵੰਡ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ‘ਸੇਵਾ ਸਟਰੀਟ’ ਪੰਜਾਬੀਆਂ ਦੀ ਨਿਰਸਵਾਰਥ ਸੇਵਾ ਭਾਵਨਾ ਦੇ ਪਹਿਲੂ ਨੂੰ ਵੀ ਵਿਸ਼ੇਸ਼ ਤੌਰ ‘ਤੇ ਲੋਕਾਂ ਸਾਹਮਣੇ ਉਭਾਰਨ ਦੀ ਕੋਸਿਸ਼ ਕੀਤੀ ਗਈ ਹੈ ਇਸ ਦੇ ਨਾਲ ਹੀ ਪੰਜਾਬੀਆਂ ਵੱਲੋੋਂ ਲੰਗਰ ਰੂਪੀ ਭੋਜਨ ਉਤੇ ਦਿੱਤੇ ਜਾ ਰਹੇ ਦਾਨ ਦੇ ਨਾਲ-ਨਾਲ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦਾਨ ਕਰਨ ਦੀ ਪਿਰਤ ਵੀ ਸ਼ੁਰੂ ਕੀਤੀ ਹੈ।
ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਦੱਸਿਆ ਕਿ ਇਸ ‘ਸੇਵਾ ਸਟਰੀਟ’ ਵਿੱਚ ਆਉਣ ਵਾਲੇ ਲੋਕਾਂ ਨੂੰ ਵਾਤਾਵਰਨ ਦੇ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਹੈ ਅਤੇ ਪਾਣੀ, ਹਵਾ, ਮਿੱਟੀ ਦੇ ਪ੍ਰਦੂਸ਼ਣ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।ਉਨਾਂ ਦੱਸਿਆ ਕਿ ਇਸ ਸੇਵਾ ਵਿਚ ਆਮ ਸ਼ਹਿਰੀਆਂ ਨੂੰ ਸ਼ਾਮਿਲ ਕਰਨ ਲਈ ਸਾਡੀਆਂ ਗੱਡੀਆਂ ਸ਼ਹਿਰ ਦੀਆਂ ਗਲੀਆਂ ਵਿੱਚ ਅਨਾਊਸਮੈਂਟ ਕਰ ਰਹੀਆਂ ਹਨ, ਤਾਂ ਕਿ ਪੰਜਾਬੀਆਂ ਨੂੰ ਕਿਤਾਬਾਂ ਦਾਨ ਲਈ ਅੱਗੇ ਲਿਆਂਦਾ ਜਾਵੇ। ਉਨਾਂ ਦੱਸਿਆ ਕਿ ਲੋੜਵੰਦ ਬੱਚਿਆਂ ਲਈ ਕਿਤਾਬਾਂ ਦੇ ਦਾਨ ਤੋਂ ਇਲਾਵਾ ਘਰਾਂ ਵਿਚ ਪਏ ਕੱਪੜੇ ਤੇ ਹੋਰ ਅਜਿਹਾ ਸਮਾਨ ਜੋ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕਦਾ ਹੈ, ਨੂੰ ਵੀ ਇਸ ਮੌਕੇ ਦਾਨ ਵਜੋਂ ਲਿਆ ਜਾਵੇਗਾ ਤੇ ਅੱਗੇ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾਵੇਗਾ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ, ਸਾਰੇ ਇਕੱਠੇ ਹੋ ਕੇ ਅਪਣਤ, ਉਦਾਰਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਜਸ਼ਨ ਮਨਾਈਏ, ਜੋ ਕਿ ਪੰਜਾਬ ਦੇ ਇਤਹਾਸ ਤੇ ਸਭਿਆਚਾਰ ਦੀ ਮੂਲ ਪਛਾਣ ਹੈ।
ਇਸ ਮੌਕੇ ਸੋਸ਼ਲ ਵੈਲਫੇਅਰ ਅਧਿਕਾਰੀ ਪਲਵ ਸ੍ਰੇਸ਼ਟਾ, ਮੈਡਮ ਕਿਰਤਪ੍ਰੀਤ ਕੌਰ, ਰੈਡ ਕਰਾਸ ਤੇ ਸੈਰ ਸਪਾਟਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media