
ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਸਰਕਾਰ ਵਲੋਂ ਸੜਕੀ ਦੁਰਘਟਨਾਵਾਂ ਤੋਂ ਬਚਾਉਣ ਰਾਹਗੀਰਾਂ ਲਈ ਥਾਂ-ਥਾਂ ਸਾਈਨ ਬੋਰਡ ਲਗਾਏ ਗਏ ਹਨ ਤਾਂ ਜੋ ਕੋਈ ਸੜਕੀ ਦੁਰਘਟਨਾ ਨਾ ਵਾਪਰੇ ਪਰ ਕਈ ਸ਼ਰਾਰਤੀ ਅਨਸਰਾਂ ਵਲੋਂ ਇਨ੍ਹਾਂ ਸਾਈਨ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਇਹ ਆਪਣਾ ਮਕਸਦ ਪੂਰਾ ਨਹੀਂ ਕਰ ਰਹੇ। ਜਾਣਕਾਰੀ ਅਨੁਸਾਰ ਮੰਡੀ ਘੁਬਾਇਆ ਤੋਂ ਚੱਕ ਮਹੁੰਮਦੇ ਵਾਲਾ, ਚੱਕ ਭਾਬੜਾ, ਚੱਕ ਸੋਤਰੀਆਂ ਆਦਿ ਪਿੰਡਾਂ ਵੱਲ ਜਾਂਦੀ ਲਿੰਕ ਸੜਕ ‘ਤੇ ਵੱਖ-ਵੱਖ ਥਾਈਂ ਲੱਗੇ ਸਾਈਨ ਬੋਰਡਾਂ ਨੂੰ ਸ਼ਰਾਰਤੀ ਅਨਸਰਾਂ ਵਲੋਂ ਨੁਕਸਾਨ ਪਹੁੰਚਾ ਕੇ ਉਨ੍ਹਾਂ ਦੀ ਸ਼ਬਦਾਵਲੀ ਅੱਧੀ ਕਰ ਦਿੱਤੀ ਹੈ ਜਿਸ ਕਾਰਨ ਉਹ ਸਾਈਨ ਬੋਰਡ ਬੇਕਾਰ ਜਿਹੇ ਦਿੱਸਣ ਲੱਗ ਪਏੇ ਹਨ। ਢਾਣੀ ਮਹੁੰਮਦੇ ਵਾਲਾ ਨੇੜੇ ਇਕ ਜਗ੍ਹਾ ਜਿੱਥੋਂ ਕਿ ਇਕ ਸੜਕ ਚੱਕ ਭਾਬੜਾ ਤੇ ਦੂਸਰੀ ਸੜਕ ਮੁਰਕ ਵਾਲਾ ਨੂੰ ਫੁੱਟਦੀ ਹੈ ਉੱਥੇ ‘ਦੋਵੇਂ ਪਾਸੇ ਸੜਕ ਹੈ’ ਦੀ ਜਗ੍ਹਾ ‘ਤੇ ‘ਾਸੇ ਸੜਕ ਹ’ ਹੀ ਲਿਖਿਆ ਰਹਿ ਗਿਆ ਹੈ। ਇਸੇ ਤਰ੍ਹਾਂ ਹੀ ਚੱਕ ਭਾਬੜਾ ਲਾਗੇ ਸੇਮਨਾਲੇ ਦੇ ਕੋਲ ਇਕ ਪਾਸੇ ਤਾਂ ਮਹਿਕਮੇ ਵਲੋਂ ‘ਰੇਲਿੰਗ ਆਦਿ ਨੂੰ ਨੁਕਸਾਨ ਪਹੁੰਚਾਉਣਾ ਜ਼ੁਰਮ ਹੈ’ ਦੀ ਚੇਤਾਵਨੀ ਲਿਖੀ ਹੈ ਤੇ ਨਾਲ ਹੀ ਲੱਗਦੇ ਬੋਰਡ ਦੇ ਅੱਖਰ ਅੱਧੇ ਹੀ ਰਹਿ ਗਏ ਹਨ। ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਇਸੇ ਇਕੋ ਇਕ ਲਿੰਕ ਰੋਡ ‘ਤੇ ਹੀ ਵੇਖੀਆਂ ਜਾ ਸਕਦੀਆਂ ਹਨ।ਸਬੰਧਿਤ ਵਿਭਾਗ ਤੋਂ ਰਾਹਗੀਰਾਂ ਦੀ ਮੰਗ ਹੈ ਕਿ ਇਨ੍ਹਾਂ ਸਾਈਨ ਬੋਰਡਾਂ ‘ਤੇ ਜਲਦ ਤੋਂ ਜਲਦ ਸਹੀ ਅੱਖਰਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਰਾਹਗੀਰ ਇਨ੍ਹਾਂ ਸਾਈਨ ਬੋਰਡਾਂ ਦਾ ਲਾਭ ਉਠਾ ਸਕਣ ਅਤੇ ਸ਼ਰਾਰਤੀ ਅਨਸਰਾਂ ‘ਤੇ ਨੱਥ ਪਾਈ ਜਾਵੇ ਤਾਂ ਜੋ ਸਾਈਨ ਬੋਰਡ ਰਾਹਗੀਰਾਂ ਨੂੰ ਸਹੀ ਰਾਹ ਵਿਖਾ ਸਕਣ।
Punjab Post Daily Online Newspaper & Print Media