ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਸਾਇੰਸ ਵਿਭਾਗ ਵੱਲੋਂ ‘ਨੈਸ਼ਨਲ ਸਾਇੰਸ ਡੇਅ’ ਮਨਾਇਆ ਗਿਆ।7 ਰੋਜ਼ਾ
ਸੈਮੀਨਾਰ ਦੇ ਵੱਖ-ਵੱਖ ਸੁਮੇਲਾਂ ਰਾਹੀਂ ‘ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨੀਕਾਂ’ ਦੇ ਵਿਸ਼ੇ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਉਕਤ ਸਮਾਗਮ ਨੂੰ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ) ਅਤੇ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ (ਐਨ.ਸੀ.ਟੀ.ਐਸ.ਟੀ) ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।ਸਮਾਗਮ ਦੀ ਸ਼ੁਰੂਆਤ ਫਿਜ਼ੀਓਥੈਰੇਪਿਸਟ ਡਾ. ਦਲਵਿੰਦਰ ਸ਼ਰਮਾ ਦੁਆਰਾ ‘ਜੰਕ ਫੂਡ ਦੇ ਮਾੜੇ ਪ੍ਰਭਾਵਾਂ’ ’ਤੇ ਭਾਸ਼ਣ ਨਾਲ ਕੀਤੀ ਗਈ।ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਆਯੁਰਵੈਦਿਕ ਦਵਾਈਆਂ ਦੇ ਫਾਇਦਿਆਂ ਸਬੰਧੀ ਚਾਨਣਾ ਪਾਉਂਦਿਆਂ ਸੰਤੁਲਿਤ ਆਹਾਰ ਦੇ ਸੇਵਨ ਬਾਰੇ ਵੱਖ-ਵੱਖ ਆਮ ਧਾਰਨਾਵਾਂ ਦਾ ਪਰਦਾਫਾਸ਼ ਕੀਤਾ।ਇਸ ਮੌਕੇ ਵਿਦਿਆਰਥੀਆਂ ਲਈ ਵਿਗਿਆਨ ਕੁਇਜ਼, ਪੋਸਟਰ ਮੇਕਿੰਗ ਪ੍ਰਤੀਯੋਗਤਾ, ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. (ਡਾ.) ਅਤੁਲ ਖੰਨਾ ਵਲੋਂ ‘ਭਾਰਤੀ ਪੁਲਾੜ, ਪ੍ਰਮਾਣੂ ਅਤੇ ਰੱਖਿਆ ਪ੍ਰੋਗਰਾਮਾਂ ਦੀਆਂ ਪ੍ਰਾਪਤੀਆਂ : ਵਿਗਿਆਨ ਗ੍ਰੈਜੂਏਟਾਂ ਲਈ ਕੈਰੀਅਰ ਦੇ ਚੁਣੌਤੀਪੂਰਨ ਮੌਕੇ’ ਵਿਸ਼ੇ ’ਤੇ ਭਾਸ਼ਣ ਦਿੱਤਾ ਗਿਆ।ਖੰਨਾ ਨੇ ਆਜ਼ਾਦ ਭਾਰਤ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰਾਸ਼ਟਰੀ ਖੋਜ਼ ਸੰਸਥਾਵਾਂ ਦੁਆਰਾ ਕੀਤੀ ਸ਼ਾਨਦਾਰ ਪ੍ਰਗਤੀ ਅਤੇ ਭਾਰਤੀ ਪੁਲਾੜ ਖੋਜ਼ ਸੰਗਠਨ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਸਫ਼ਲ ਪੁਲਾੜ ਮਿਸ਼ਨਾਂ ’ਤੇ ਚਾਨਣਾ ਪਾਇਆ, ਜਿਸ ਨਾਲ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਵਿਭਿੰਨ ਖੇਤਰ ’ਚ ਕਰੀਅਰ ਦੇ ਮੌਕੇ ਲੈਣ ਲਈ ਉਤਸ਼ਾਹਿਤ ਕੀਤਾ ਗਿਆ।ਵਿਦਿਆਰਥੀਆਂ ਨੇ ‘ਵਿਕਸ਼ਿਤ ਭਾਰਤ ਲਈ ਵਿਗਿਆਨ’ ਥੀਮ ’ਤੇ ਪੋਸਟਰ ਤਿਆਰ ਕਰਨ ’ਚ ਆਪਣੀ ਰਚਨਾਤਮਕ ਅਤੇ ਨਵੀਨਤਾਕਾਰੀ ਪ੍ਰਵਿਰਤੀ ਨੂੰ ਉਜਾਗਰ ਕੀਤਾ।
ਸਮਾਰੋਹ ਦੀ ਸਮਾਪਤੀ ਮੌਕੇ ਸਰਕਾਰ ਦੇ ਭੌਤਿਕ ਵਿਗਿਆਨ ਦੇ ਲੈਕਚਰਾਰ ਡਾ. ਦਿਨੇਸ਼ ਕੁਮਾਰ ਨੇ ‘ਆਈ.ਸੀ.ਟੀ ਅਧਾਰਿਤ ਭੌਤਿਕ ਵਿਗਿਆਨ ਲੈਬ’ ਸਬੰਧੀ ਭਾਸ਼ਣ ਦਿੱਤਾ।ਡਾ. ਕੁਮਾਰ ਜੋ ਕਿ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਸਰਗਰਮ ਅਧਿਆਪਕ ਹਨ, ਨੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਵੱਖ-ਵੱਖ ਪ੍ਰਯੋਗਾਂ ਨੂੰ ਕਰਨ ’ਚ ਏ ਆਈ/ਮਸ਼ੀਨ ਸਿਖਲਾਈ ਦੀ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਜੇਤੂ ਟੀਮਾਂ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਡਾ. ਸੁਖਬੀਰ ਕੌਰ ਮਾਹਲ ਵੱਲੋਂ ਵਧਾਈ ਦਿੰਦਿਆਂ ਭਵਿੱਖ ਤਰੱਕੀ ਤੇ ਉਨਤੀ ਲਈ ਉਤਸ਼ਾਹਿਤ ਕਰਦਿਆਂ ਆਪਣੇ ਤਜ਼ਰਬਿਆਂ ਨੂੰ ਸਾਂਝੇ ਕੀਤਾ ਗਿਆ।
ਇਸ ਮੌਕੇ ਸਾਇੰਸ ਵਿਭਾਗ ਦੇ ਮੁਖੀ ਡਾ. ਸੁਰਿੰਦਰ ਕੌਰ ਅਤੇ ਡਾ. ਮਨਬੀਰ ਕੌਰ ਵਲੋਂ ਜੇਤੂਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਸਰਟੀਫਿਕੇਟ ਤਕਸੀਮ ਕੀਤੇ ਗਏ।
Punjab Post Daily Online Newspaper & Print Media