ਜਥੇਦਾਰ ਅਵਤਾਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਅੰਮ੍ਰਿਤਸਰ, 9 ਜਨਵਰੀ (ਗੁਰਪ੍ਰੀਤ ਸਿੰਘ) – ਸ. ਦਰਸ਼ਨ ਸਿੰਘ ਈਸਾਪੁਰ ਸਾਬਕਾ ਜਨਰਲ ਸਕੱਤਰ ਸ਼ੋ੍ਰਮਣੀ ਕਮੇਟੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ।ਉਹ ਤਕਰੀਬਨ 80 ਵਰਿਆਂ ਦੇ ਸਨ।ਸ. ਦਰਸ਼ਨ ਸਿੰਘ ਈਸਾਪੁਰ ਦਾ ਅੰਤਿਮ ਸੰਸਕਾਰ ਪਿੰਡ ਗੁੰਮਟਾਲਾ ਦੇ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰਸਮਾਂ ਅਨੁਸਾਰ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਹਜ਼ਾਰਾਂ ਨਮ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਜ਼ਰੂਰੀ ਧਾਰਮਿਕ ਰੁਝੇਵਿਆਂ ਕਾਰਨ ਨਾ ਆ ਸਕਣ ਕਰਕੇ ਉਨ੍ਹਾਂ ਵੱਲੋਂ ਸ. ਰੂਪ ਸਿੰਘ ਸਕੱਤਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਪ੍ਰਤਾਪ ਸਿੰਘ ਤੇ ਸ. ਸੁਲੱਖਣ ਸਿੰਘ ਮੈਨੇਜਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਦੁਸ਼ਾਲਾ ਭੇਟ ਕੀਤਾ।ਸ. ਦਰਸ਼ਨ ਸਿੰਘ ਈਸਾਪੁਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸ. ਇੰਦਰਬੀਰ ਸਿੰਘ ਨੇ ਦਿੱਤੀ।ਸ. ਦਰਸ਼ਨ ਸਿੰਘ ਈਸਾਪੁਰ ਆਪਣੇ ਪਿੱਛੇ ਇਕ ਸਪੁੱਤਰ ਤੇ ਤਿੰਨ ਬੇਟੀਆਂ ਛੱਡ ਗਏ ਹਨ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ. ਦਰਸ਼ਨ ਸਿੰਘ ਈਸਾਪੁਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਦਰਸ਼ਨ ਸਿੰਘ ਈਸਾਪੁਰ ਕਰੀਬ 17 ਸਾਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਹਨ।ਉਨ੍ਹਾਂ ਕਿਹਾ ਕਿ ਜਥੇਦਾਰ ਈਸਾਪੁਰ ਇਨ੍ਹਾਂ 17 ਸਾਲਾਂ ਵਿੱਚੋਂ ਤਕਰੀਬਨ 12 ਸਾਲ ਅੰਤ੍ਰਿੰਗ ਕਮੇਟੀ ਦੇ ਮੈਂਬਰ ਤੇ ਇਕ ਸਾਲ ਜਨਰਲ ਸਕੱਤਰ ਦੇ ਅਹੁਦੇ ਤੇ ਰਹੇ।ਉਨ੍ਹਾਂ ਕਿਹਾ ਕਿ ਸ. ਦਰਸ਼ਨ ਸਿੰਘ ਈਸਾਪੁਰ ਨੇ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਦੌਰਾਨ ਸਿੱਖ ਪੰਥ ਦੀ ਸੇਵਾ ਕੀਤੀ।ਉਨ੍ਹਾਂ ਕਿਹਾ ਕਿ ਸ. ਦਰਸ਼ਨ ਸਿੰਘ ਈਸਾਪੁਰ ਨੇ ਪੰਜਾਬੀ ਸੂਬਾ ਮੋਰਚਾ ਤੇ ਹੋਰ ਧਰਮ ਯੁੱਧ ਮੋਰਚਿਆਂ ਵਿੱਚ ਜੇਲ੍ਹਾਂ ਵੀ ਕੱਟੀਆ।ਉਨ੍ਹਾਂ ਕਿਹਾ ਕਿ ਸ. ਦਰਸ਼ਨ ਸਿੰਘ ਈਸਾਪੁਰ ਦੇ ਅਕਾਲ ਚਲਾਣੇ ‘ਤੇ ਪੰਥ ਨੂੰ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ, ਪਰ ਸਤਿਗੁਰੂ ਦਾ ਭਾਣਾ ਅਟੱਲ ਹੈ ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸ. ਦਰਸ਼ਨ ਸਿੰਘ ਈਸਾਪੁਰ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ, ਸਨੇਹੀਆਂ ਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸ ਮੌਕੇ ਸਾਬਕਾ ਸਕੱਤਰ ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਸੰਤੋਖ ਸਿੰਘ ਮੀਤ ਸਕੱਤਰ, ਸ.ਜਗਤਾਰ ਸਿੰਘ ਮੀਤ ਮੈਨੇਜਰ, ਸ. ਕਰਮਬੀਰ ਸਿੰਘ ਇੰਚਾਰਜ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜ਼ਰ ਪਬਲੀਸਿਟੀ, ਸ. ਲਖਵਿੰਦਰ ਸਿੰਘ ਬਦੋਵਾਲ ਸੁਪਰਵਾਈਜ਼ਰ, ਸੰਤ ਬਾਬਾ ਹਰੀਦੇਵ ਸਿੰਘ ਈਸਾਪੁਰ, ਸ. ਬਲਜਿੰਦਰ ਸਿੰਘ ਬਦੋਵਾਲ, ਸ. ਹਰਪ੍ਰੀਤ ਸਿੰਘ ਅਕਾਊਟੈਂਟ, ਜਥੇਦਾਰ ਮੋਹਨ ਸਿੰਘ ਮੱਟੀਆ, ਭਾਈ ਮੋਹਕਮ ਸਿੰਘ, ਸ. ਟਹਿਲ ਸਿੰਘ ਕੰਡੀਲਾ, ਡਾ. ਜਲਵੰਤ ਸਿੰਘ ਜਲਾਲਉਸਮਾ, ਸ. ਜਤਿੰਦਰ ਸਿੰਘ ਐਡਵੋਕੇਟ, ਸ. ਕੁਲਵੰਤ ਸਿੰਘ, ਸ. ਜਤਿੰਦਰ ਸਿੰਘ, ਸ. ਬਿਅੰਤ ਸਿੰਘ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਨੂੰ ਪਹੁੰਚੀਆਂ।
Punjab Post Daily Online Newspaper & Print Media