
ਫਾਜ਼ਿਲਕਾ, 10 ਜਨਵਰੀ (ਵਿਨੀਤ ਅਰੋੜਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾਨਿਰਦੇਸ਼ਾਂ ਤੇ ਬਲਾਕ ਕਾਂਗਰਸ ਕਮੇਟੀ ਦੀ ਮਾਸਿਕ ਬੈਠਕ ਬਲਾਕ ਪ੍ਰਧਾਨ ਸੁਰਿੰਦਰ ਕਾਲੜਾ ਦੀ ਪ੍ਰਧਾਨਗੀ ਵਿੱਚ ਉਨ੍ਹਾਂ ਦੀ ਦੁਕਾਨ ਉੱਤੇ ਸੰਪੰਨ ਹੋਈ ਜਿਸ ਵਿੱਚ ਕਈ ਅਹਿਮ ਪ੍ਰਸਤਾਵ ਪਾਸ ਕੀਤੇ ਗਏ । ਜਾਣਕਾਰੀ ਦਿੰਦੇ ਕਾਂਗਰਸ ਕਮੇਟੀ ਦੇ ਖ਼ਜਾਨਚੀ ਪਰਮਜੀਤ ਸ਼ਰਮਾ ਮਹੰਤ ਨੇ ਦੱਸਿਆ ਕਿ ਬੈਠਕ ਵਿੱਚ ਸਮੂਹ ਕਰਮਚਾਰੀਆਂ ਦੁਆਰਾ ਪਿਛਲੇ ਦਿਨਾਂ ਅਕਾਲੀ ਦਲ ਵਲੋਂ ਬੀਐਸਐਫ ਦੇ ਖਿਲਾਫ ਦਿੱਤੇ ਗਏ ਧਰਨੇ ਪ੍ਰਦਰਸ਼ਨ ਦੀ ਜੰਮਕੇ ਨਿੰਦਿਆ ਕੀਤੀ ਗਈ ਕਿਉਂਕਿ ਅਜਿਹੇ ਪ੍ਰਦਰਸ਼ਨਾਂ ਨਾਲ ਬੀਐਸਐਫ ਦੇ ਜਵਾਨਾਂ ਦੇ ਨਾਲ-ਨਾਲ ਆਮ ਜਨਤਾ ਦੀ ਭਾਵਨਾ ਨੂੰ ਵੀ ਠੇਸ ਪਹੁੰਚੀ ਹੈ।ਇਸ ਤੋਂ ਇਲਾਵਾ ਹਾਈਕਮਾਨ ਵੱਲੌ ਗਿੱਦੜਬਾਹਾ ਦੇ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਜਾਣਾ ਇੱਕ ਚੰਗਾ ਕਦਮ ਹੈ।ਜਿਸਦੇ ਲਈ ਕਰਮਚਾਰੀਆਂ ਨੇ ਰਾਸ਼ਟਰੀ ਪ੍ਰਧਾਨ ਸ਼ਰੀਮਤੀ ਸੋਨਿਆ ਗਾਂਧੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਸੁਰਿੰਦਰ ਕਾਲੜਾ ਨੇ ਦੱਸਿਆ ਕਿ ਆਉਣ ਵਾਲੇ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਇੱਕਜੁਟ ਹੋਕੇ ਪੂਰਵ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਦੀ ਅਗਵਾਈ ਵਿੱਚ ਚੋਣ ਲੜੇਗੀ।ਬੈਠਕ ਦੇ ਦੌਰਾਨ ਵਰਕਰਾਂ ਨੇ ਕੌਂਸਲ ਚੋਣਾਂ ਲਈ ਰਣਨੀਤੀ ਬਣਾਈ।ਇਸ ਮੌਕੇ ਜਨਰਲ ਸਕੱਤਰ ਸੰਦੀਪ ਧੂੜੀਆ ਕਾਲ਼ਾ, ਸੀਨੀਅਰ ਉਪ-ਪ੍ਰਧਾਨ ਅਸ਼ੋਕ ਵਾਟਸ, ਉਪ-ਪ੍ਰਧਾਨ ਹਰਮਿੰਦਰ ਸਿੰਘ ਦੁਰੇਜਾ ਬਿੱਟੂ, ਸਤਪਾਲ ਭੁਸਰੀ, ਚੇਤਨ ਗਰੋਵਰ, ਕਾਕਾ ਡੋਗਰਾ, ਡਾ. ਸੁਭਾਸ਼ ਮਦਾਨ, ਰਾਜੂ ਖੁੰਗਰ, ਅਸ਼ੋਕ ਸੋਨੀ, ਸੰਦੀਪ ਠਠਈ, ਸ਼ਾਮ ਸੁੰਦਰ ਅੱਗਰਵਾਲ, ਸੁਭਾਸ਼ ਬੱਬਰ, ਮਹਾਂਵੀਰ, ਸਤੀਸ਼ ਗਰਗ, ਹਰਸਰਨ ਸਿੰਘ ਬੇਦੀ ਤੋਂ ਇਲਾਵਾ ਕਈ ਵਰਕਰ ਮੌਜੂਦ ਸਨ ।
Punjab Post Daily Online Newspaper & Print Media