ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਏ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਅੰਕੁਰਜੀਤ ਸਿੰਘ ਆਈ.ਏ.ਐਸ ਅਤੇ ਵਧੀਕ ਮੁੱਖ ਪ੍ਰਸ਼ਾਸ਼ਕ ਮੇਜਰ ਅਮਿਤ ਸਰੀਨ, ਪੀ.ਸੀ.ਐਸ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਏ.ਡੀ.ਏ ਦੇ ਰੈਗੂਲੇਟਰੀ ਵਿੰਗ ਵਲੋਂ ਥਾਣਾ ਖਲਚੀਆਂ ਅਤੇ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਕਰਮੀਆਂ ਦੀ ਮੌਜ਼ੂਦਗੀ ਵਿੱਚ ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਵੇਅ ਉਪਰ ਪਿੰਡ ਫੱਤੂਵਾਲ ਅਤੇ ਪਿੰਡ ਮੱਲ੍ਹੀਆਂ ਵਿਖੇ ਬਣ ਰਹੀਆਂ ਨਵੀਆਂ ਅਣ-ਅਧਿਕਾਰਿਤ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਉਸਾਰੀਆਂ ਨੂੰ ਢਾਹ ਦਿੱਤਾ ਗਿਆ।ਜਿਲ੍ਹਾ ਟਾਊਨ ਪਲੈਨਰ ਨੇ ਦੱਸਿਆ ਕਿ ਭਵਿੱਖ ਦੇ ਵਿਕਾਸ ਨੂੰ ਨਿਯੰਤਰਣ ਕਰਨ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਅਣ-ਅਧਿਕਾਰਤ ਉਸਾਰੀਆਂ ਨੂੰ ਪੰਜਾਬ ਰਿਜ਼ਨਲ ਐਂਡ ਟਾਉਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਅਧੀਨ ਨੋਟਿਸ ਜਾਰੀ ਕਰਕੇ ਕੰਮ ਬੰਦ ਕਰਵਾਉਂਦੇ ਹੋਏ ਡੈਮੋਲੀਸ਼ਨ ਦੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਅਣ-ਅਧਿਕਾਰਤ ਉਸਾਰੀ ਦੇ ਮਾਲਕਾਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਜਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਪਿੰਡ ਮੱਲ੍ਹੀਆਂ ਵਿਖੇ ਕੀਤੀ ਗਈ ਅਣ-ਅਧਿਕਾਰਿਤ ਉਸਾਰੀ ਸਬੰਧੀ ਪਿੰਡ ਵਾਸੀਆਂ ਵਲੋਂ ਸ਼ਿਕਾਇਤ ਮਿਲੀ ਸੀ ਕਿ ਉਸਾਰੀਕਰਤਾ ਵਲੋਂ ਪਿੰਡ ਮੱਲ੍ਹੀਆਂ ਵਿਖੇ ਪਹਿਲਾਂ ਤੋਂ ਬਣੀ ਰਿਹਾਇਸ਼ੀ ਇਮਾਰਤ ਦੀ ਮੁਰੰਮਤ/ਨਵੀਨੀਕਰਨ ਕਰਕੇ ਇੰਡਸਟਰੀ ਲਈ ਸ਼ੈਡ ਪਾਉਣ ਵਾਸਤੇ ਲੋਹੇ ਦੇ ਪਿੱਲਰ ਲਗਾਏ ਜਾ ਰਹੇ ਹਨ।ਇਸ ਬਿਲਡਿੰਗ ਦੇ ਮਾਲਕ ਕੋਲ ਉਸਾਰੀ ਸਬੰਧੀ ਪੁੱਡਾ ਤੋਂ ਪ੍ਰਾਪਤ ਕੋਈ ਦਸਤਾਵੇਜ਼ ਅਤੇ ਸੀ.ਐਲ.ਯੂ ਮੌਜ਼ੂਦ ਨਹੀਂ ਹੈ।ਸ਼ਿਕਾਇਤ ਦੇ ਅਧਾਰ ‘ਤੇ ਸਬੰਧਤ ਉਸਾਰੀਕਰਤਾ ਨੂੰ ਰੈਗੂਲੇਟਰੀ ਵਿੰਗ ਵਲੋਂ ਵਾਰ-ਵਾਰ ਰੋਕਣ ਉਪਰੰਤ ਨੋਟਿਸ ਜਾਰੀ ਕਰਦੇ ਹੋਏ ਮੌਕੇ ‘ਤੇ ਕੰਮ ਨੂੰ ਬੰਦ ਕਰਨ ਅਤੇ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਦੇਣ ਲਈ ਲਿਖਿਆ ਗਿਆ ਸੀ, ਪਰੰਤੂ ਉਸਾਰੀਕਰਤਾ ਵਲੋਂ ਉਕਤ ਅਣ-ਅਧਿਕਾਰਤ ਉਸਾਰੀ ਸਬੰਧੀ ਸਪੱਸ਼ਟੀਕਰਨ ਦੇਣ ਦੀ ਬਜ਼ਾਏ ਨੋਟਿਸ ਦੀ ਉਲੰਘਣਾ ਕਰਦੇ ਹੋਏ ਮੌਕੇ ‘ਤੇ ਉਸਾਰੀ ਦੇ ਕੰਮ ਨੂੰ ਚਾਲੂ ਰੱਖਿਆ ਗਿਆ।ਇਸ ਤੋਂ ਇਲਾਵਾ ਪਿੰਡ ਫੱਤੂਵਾਲ ਵਿਖੇ ਫੋਰ ਸੀਜ਼ਨ ਰਿਜ਼ੋਰਟ ਦੇ ਨਾਲ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਬਣਾਈ ਜਾ ਰਹੀ ਨਵੀਂ ਕਮਰਸ਼ੀਅਲ ਅਣ-ਅਧਿਕਾਰਿਤ ਉਸਾਰੀ ਨੂੰ ਵੀ ਰੈਗੂਲੇਟਰੀ ਵਿੰਗ ਵਲੋਂ ਵਾਰ-ਵਾਰ ਰੋਕਣ ਅਤੇ ਨੋਟਿਸ ਜਾਰੀ ਕਰਨ ਉਪਰੰਤ ਵੀ ਉਸਾਰੀਕਰਤਾ ਵਲੋਂ ਮੌਕੇ ਤੇ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ।ਜਿਸ ਕਰਕੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਇਹਨਾਂ ਅਣਅਧਿਕਾਰਿਤ ਉਸਾਰੀਆਂ ਖਿਲਾਫ਼ ਡੈਮੋਲੀਸ਼ਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਜਿਲ੍ਹਾ ਟਾਉਨ ਪਲੈਨਰ (ਰੈਗੂਲੇਟਰੀ) ਅੰਮ੍ਰਿਤਸਰ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਜਗ੍ਹਾ ਉਪਰ ਕਿਸੇ ਤਰਾਂ ਦੀ ਕੋਈ ਵੀ ਉਸਾਰੀ ਕਰਨ ਤੋਂ ਪਹਿਲਾਂ ਉਸ ਜਗ੍ਹਾ ਦਾ ਪੁੱਡਾ ਦੇ ਸਮਰੱਥ ਅਧਿਕਾਰੀ ਪਾਸੋਂ ਬਿਲਡਿੰਗ ਦਾ ਨਕਸ਼ਾ ਮਨਜ਼ੂਰ ਕਰਵਾਉਣ ਉਪਰੰਤ ਹੀ ਉਸਾਰੀ ਕੀਤੀ ਜਾਵੇ।