Sunday, February 1, 2026

ਕੇਂਦਰੀ ਜੇਲ੍ਹ ‘ਚ ਸਕੂਲ ਦੀ ਹੋਂਦ ਬਚਾਉਣ ਲਈ ਡਿਪਟੀ ਕਮਿਸ਼ਨਰ ਵਲੋਂ ਸੇਵਾ ਮੁਕਤ ਅਧਿਆਪਕ ਸੁਖਜਿੰਦਰ ਸਿੰਘ ਹੇਰ ਦਾ ਸਨਮਾਨ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ) – ਕੇਂਦਰੀ ਜੇਲ੍ਹ ਗੁਮਟਾਲਾ ਜੋ ਕਿ ਹੁਣ ਸ੍ਰੀ ਗੁਰੂ ਰਾਮਦਾਸ ਅਰਬਨ ਸਟੇਟ ਬਣ ਚੁੱਕੀ ਹੈ, ਵਿੱਚ ਸਥਿਤ ਸਰਕਾਰੀ ਸਕੂਲ ਦੀ ਹੋਂਦ ਬਚਾਉਣ ਲਈ ਸੰਘਰਸ਼ ਕਰਨ ਵਾਲੇ ਅਧਿਆਪਕ ਸੁਖਜਿੰਦਰ ਸਿੰਘ ਹੇਰ ਜੋ ਕਿ ਹੁਣ ਸੇਵਾ ਮੁਕਤ ਹੋ ਚੁੱਕੇ ਹਨ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਅੱਜ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਅੱਜ ਉਹ ਜਿਲ੍ਹਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ ਨਾਲ ਇਸੇ ਸਕੂਲ ਦੇ ਰਹਿੰਦੇ ਕੰਮ ਲਈ ਡਿਪਟੀ ਕਮਿਸ਼ਨਰ ਕੋਲ ਪੁੱਜੇ ਸਨ।
ਜਿਲ੍ਹਾ ਸਿੱਖਿਆ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਅਧਿਆਪਕ ਕਰਕੇ ਕੇਂਦਰੀ ਜੇਲ੍ਹ ਦੇ ਥਾਂ ਵਿੱਚ ਦੁਬਾਰਾ ਸਕੂਲ ਬਣ ਸਕਿਆ ਹੈ ਅਤੇ ਇਹਨਾਂ ਨੇ 2017 ਤੋਂ ਲੈ ਕੇ ਹੁਣ ਤੱਕ ਇਸ ਸਕੂਲ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ ਤਾਂ ਡਿਪਟੀ ਕਮਿਸ਼ਨਰ ਨੇ ਸੁਖਜਿੰਦਰ ਸਿੰਘ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕਰਦੇ ਹੋਏ ਤੁਰੰਤ ਆਪਣੇ ਵੱਲੋਂ ਪ੍ਰਸੰਸਾ ਪੱਤਰ ਤਿਆਰ ਕਰਕੇ ਉਹਨਾਂ ਦਾ ਸਨਮਾਨ ਕੀਤਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਤੁਸੀਂ ਸੇਵਾ ਮੁਕਤੀ ਤੋਂ ਬਾਅਦ ਵੀ ਇਸ ਸਕੂਲ ਲਈ ਕੰਮ ਕਰ ਰਹੇ ਹੋ।ਦੱਸਣਯੋਗ ਹੈ ਕਿ ਕੇਂਦਰੀ ਜੇਲ ਗੁੰਮਟਾਲਾ ਤੋਂ ਤਬਦੀਲ ਹੋਣ ਨਾਲ ਇਥੇ ਚੱਲਦਾ ਸਕੂਲ ਜਿਸ ਵਿੱਚ ਕਰੀਬ 200 ਬੱਚੇ ਪੜ੍ਹਦੇ ਸਨ, ਨੂੰ ਇਥੋਂ ਹਟਾ ਦੇਣ ਦਾ ਫੈਸਲਾ ਲੈ ਲਿਆ ਗਿਆ ਸੀ, ਕਿਉਂਕਿ ਸਕੂਲ ਕੋਲ ਜ਼ਮੀਨ ਜੇਲ ਦੀ ਸੀ ਅਤੇ ਇਹ ਜ਼ਮੀਨ ਵੇਚਣ ਲਈ ਪੁੱਡਾ ਕੋਲ ਜਾ ਚੁੱਕੀ ਸੀ।ਸੁਖਜਿੰਦਰ ਸਿੰਘ ਨੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਵਰੁਨ ਰੂਜ਼ਮ ਤੋਂ ਲੈ ਕੇ ਹੁਣ ਤੱਕ ਜਿਲ੍ਹੇ ਵਿੱਚ ਆਏ ਸਾਰੇ ਅਧਿਕਾਰੀਆਂ ਦਾ ਸਾਥ ਨਾਲ ਦੁਬਾਰਾ ਸਕੂਲ ਲਈ ਥਾਂ ਲਿਆ ਅਤੇ ਉਥੇ ਕਰੀਬ ਸਵਾ ਦੋ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਸੁੰਦਰ ਇਮਾਰਤ ਤਿਆਰ ਕਰਵਾਈ, ਜੋ ਕਿ ਇਸ ਵੇਲੇ ਉਦਘਾਟਨ ਲਈ ਲਗਭਗ ਤਿਆਰ ਹੈ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …