Sunday, February 22, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ

ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ ਕਾਲਜ ਵਿਖੇ ਅੱਜ ਜਿਲ੍ਹਾ ਚੋਣ ਦਫ਼ਤਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ।ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਲੋਕਤੰਤਰਿਕ ਪ੍ਰਕਿਰਿਆ ਵਿੱਚ ਸਰਗਰਮ ਸ਼ਮੂਲੀਅਤ ਲਈ ਪ੍ਰੇਰਿਤ ਕਰਨਾ ਸੀ।ਦਲਵਿੰਦਰਜੀਤ ਸਿੰਘ ਡੀ.ਸੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿੰਨਾਂ ਵਲੋਂ ਜਯੋਤੀ ਰੌਸ਼ਨ ਕਰਨ ਉਪਰੰਤ ਸਮਾਗਮ ਦੀ ਸ਼ੁਰੂਆਤ ਹੋਈ।
ਡੀ.ਸ਼ੀ ਦਲਵਿੰਦਰਜੀਤ ਸਿੰਘ ਨੇ ਦੇਸ਼ ਦੇ ਭਵਿੱਖ ਦੇ ਨਿਰਮਾਣ ਵਿੱਚ ਨੌਜਵਾਨ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿੰਮੇਵਾਰ ਵੋਟਰ ਬਣਨ ਅਤੇ ਲੋਕਤੰਤਰਿਕ ਪ੍ਰਕਿਰਿਆ ਵਿੱਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ।ਕਾਲਜ ਦੀ ਵਿਦਿਆਰਥਣ ਜੈਸਮੀਨ, ਬੀ.ਏ ਸਮੈਸਟਰ ਛੇਵਾਂ ਅਤੇ ਸਮਰਿਧੀ ਪ੍ਰੈਜੀਡੈਂਟ ਇਲੈਕਟੋਰਲ ਕਲੱਬ, ਬੀ.ਬੀ.ਏ ਸਮੈਸਟਰ ਛੇਵਾਂ ਨੇ “ਮੇਰਾ ਭਾਰਤ ਮੇਰੀ ਵੋਟ” ਵਿਸ਼ੇ ‘ਤੇ ਵੋਟਰ ਜਾਗਰੂਕਤਾ ਸੰਬੰਧੀ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ।ਵਿਦਿਆਰਥਣਾਂ ਨੂੰ ਆਪਣੇ ਚੋਣਾਂ ਨਾਲ਼ ਸਬੰਧਿਤ ਅਧਿਕਾਰਾਂ ਅਤੇ ਜਿੰਮੇਵਾਰੀਆਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਇੱਕ ਲਘੂ ਫਿ਼ਲਮ ਦੇ ਨਾਲ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਸੰਦੇਸ਼ ਵੀ ਵਿਖਾਇਆ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਦਲਵਿੰਦਰਜੀਤ ਸਿੰਘ ਵੱਲੋਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਕਾਲਜ ਦੀਆਂ ਵਿਦਿਆਰਥਣਾਂ ਵਿੱਚ ਵੋਟਰ ਜਾਗਰੂਕਤਾ ਅਤੇ ਨਾਗਰਿਕ ਜਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਲਈ ਸਨਮਾਨਿਤ ਕੀਤਾ ਗਿਆ।ਡਾ. ਸਪਨਾ ਗੁਪਤਾ ਨੋਡਲ ਅਫ਼ਸਰ ਸਵੀਪ ਜਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਵਲੋਂ ਰਾਸ਼ਟਰੀ ਵੋਟਰ ਦਿਵਸ ਦੀ ਸ਼ਹੁੰ ਚੁੱਕੀ ਗਈ। ਜਿਸ ਵਿੱਚ ਸਾਰੇ ਭਾਗੀਦਾਰਾਂ ਨੇ ਲੋਕਤੰਤਰਿਕ ਮੁੱਲਾਂ ਨੂੰ ਕਾਇਮ ਰੱਖਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੰਕਲਪ ਲਿਆ।“ਮਤਦਾਨ-ਇੱਕ ਜੰਗ” ਸਿਰਲੇਖ ਹੇਠ ਇੱਕ ਵਿਚਾਰ-ਉਤਪਾਦਕ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਵੋਟਿੰਗ ਅਤੇ ਸਰਗਰਮ ਨਾਗਰਿਕ ਸ਼ਮੂਲੀਅਤ ਦੀ ਮਹੱਤਤਾ ਨੂੰ ਦਰਸਾਇਆ ਗਿਆ।ਏ.ਡੀ.ਸੀ ਰੋਹਿਤ ਗੁਪਤਾ, ਡੀ.ਈ.ਓ ਸਕੈਂਡਰੀ ਰਜੇਸ਼ ਕੁਮਾਰ ਸ਼ਰਮਾ, ਇਲੈਕਸ਼ਨ ਕਾਨੂੰਗੋ ਰਜਿੰਦਰ ਸਿੰਘ, ਸੌਰਵ ਖੋਸਲਾ, ਵਰਿੰਦਰ ਸਿੰਘ ਅਤੇ ਇਲੈਕਸ਼ਨ ਤਹਿਸੀਲਦਾਰ. ਇੰਦਰਜੀਤ ਸਿੰਘ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਦੇ ਨਾਲ, ਡਾ. ਸਪਨਾ ਗੁਪਤਾ, ਡਾ. ਸਵੀਟੀ ਬਾਲਾ, ਐਡੀਸ਼ਨਲ ਸਵੀਪ ਨੋਡਲ ਅਫ਼ਸਰ, ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਸ਼ਾਮਲ ਰਹੇ।ਮੰਚ ਕੁਸ਼ਲ ਸੰਚਾਲਨ ਰਾਜ ਕੁਮਾਰ ਨੇ ਕੀਤਾ।ਸਮਾਗਮ ਦਾ ਸਮਾਪਨ ਰਾਸ਼ਟਰੀ ਗਾਣ ਨਾਲ਼ ਸੰਪਨ ਹੋਇਆ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …