Friday, February 13, 2026

ਖ਼ਾਲਸਾ ਯੂਨੀਵਰਸਿਟੀ ਨੇ ‘ਪ੍ਰੀ-ਸਮਿਟ ਪ੍ਰੋਗਰਾਮ-2026’ ਤਹਿਤ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਯੂਨੀਵਰਸਿਟੀ ਵੱਲੋਂ ‘ਮੈਂਟਰਿੰਗ, ਐਡਵਾਈਜ਼ਿੰਗ ਅਤੇ ਪੀਅਰ ਲਰਨਿੰਗ ’ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ’ ਵਿਸ਼ੇ ’ਤੇ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ: ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਉਕਤ ਵਰਕਸ਼ਾਪ ਭਾਰਤ ਏ.ਆਈ ਸਮਿੱਟ-2026 ਦੀਆਂ ਅਧਿਕਾਰਕ ਪ੍ਰੀ-ਸਮਿੱਟ ਗਤੀਵਿਧੀਆਂ ਤਹਿਤ ਕਰਵਾਈ ਗਈ।ਜਿਸ ’ਚ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਜੀ.ਟੀ ਰੋਡ ਤੋਂ ਅਸਿਸਟੈਂਟ ਪ੍ਰੋਫੈਸਰ ਅਤੇ ਵਿੱਦਿਅਕ ਸਲਾਹਕਾਰ, ਫਰਾਂਸ ਡਾ. ਦੀਪਿਕਾ ਕੋਹਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਉਪਰੋਕਤ ਵਿਸ਼ੇ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਡਾ. ਮਹਿਲ ਸਿੰਘ ਨੇ ਕਿਹਾ ਕਿ ਏ.ਆਈ ਅਜੋਕੇ ਸਮੇਂ ’ਚ ਕੇਵਲ ਤਕਨਾਲੋਜੀ ਦਾ ਵਿਸ਼ਾ ਨਹੀਂ ਰਿਹਾ, ਬਲਕਿ ਇਹ ਸਿੱਖਿਆ, ਸਿਹਤ, ਉਦਯੋਗ, ਖੇਤੀਬਾੜੀ ਅਤੇ ਪ੍ਰਸ਼ਾਸਨ ਸਮੇਤ ਹਰੇਕ ਖੇਤਰ ’ਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਏ.ਆਈ ਆਧਾਰਿਤ ਤਕਨਾਲੋਜੀਆਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਕੰਮ ਕਰਨ ਦੇ ਢੰਗ ਨੂੰ ਵੀ ਬਦਲਣਗੀਆਂ, ਇਸ ਲਈ ਵਿਦਿਆਰਥੀਆਂ ਲਈ ਇਸ ਖੇਤਰ ’ਚ ਜਾਣਕਾਰੀ ਅਤੇ ਹੁਨਰ ਹਾਸਲ ਕਰਨਾ ਬਹੁਤ ਜ਼ਰੂਰੀ ਹੈ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਏ.ਆਈ ਮਸ਼ੀਨਾਂ ਨੂੰ ਮਨੁੱਖੀ ਬੁੱਧੀ ਦੀ ਤਰ੍ਹਾਂ ਸੋਚਣ, ਸਿੱਖਣ ਅਤੇ ਫ਼ੈਸਲੇ ਕਰਨ ਯੋਗ ਬਣਾਉਂਦੀ ਹੈ।ਉਨ੍ਹਾਂ ਕਿਹਾ ਕਿ ਮੌਜ਼ੂਦਾ ਸਥਿਤੀ ’ਚ ਸਮਾਰਟਫੋਨ ਐਪਲੀਕੇਸ਼ਨਾਂ, ਆਨਲਾਈਨ ਸੇਵਾਵਾਂ, ਡਿਜ਼ੀਟਲ ਸਿਹਤ ਪ੍ਰਣਾਲੀਆਂ ਅਤੇ ਆਟੋਮੈਟਿਕ ਵਾਹਨਾਂ ’ਚ ਏ.ਆਈ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ।ਖੇਤੀਬਾੜੀ ਖੇਤਰ ’ਚ ਵੀ ਏ.ਆਈ ਦੀ ਮਦਦ ਨਾਲ ਮੌਸਮ ਦੀ ਭਵਿੱਖਬਾਣੀ, ਫ਼ਸਲਾਂ ਦੀ ਬਿਮਾਰੀਆਂ ਦੀ ਪਛਾਣ ਅਤੇ ਉਤਪਾਦਨ ’ਚ ਸੁਧਾਰ ਕੀਤਾ ਜਾ ਸਕਦਾ ਹੈ।
ਇਸ ਪ੍ਰੋਗਰਾਮ ਦੇ ਦੂਜੇ ਪੜਾਅ ’ਚ ਡਾ. ਦੀਪਿਕਾ ਨੇ ਕਿਹਾ ਕਿ ਇਹ ਵਰਕਸ਼ਾਪ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਭਾਰਤ ਏ.ਆਈ ਮਿਸ਼ਨ ਦੇ ਉਦੇਸ਼ਾਂ ਤਹਿਤ ਆਯੋਜਿਤ ਕੀਤੀ ਗਈ ਸੀ, ਜੋ ਦੇਸ਼ ਦੇ ਏ.ਆਈ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਆਤਮਨਿਰਭਰ ਭਾਰਤ ਅਤੇ ਵਿਕਸ਼ਿਤ ਭਾਰਤ ਦੇ ਵਿਆਪਕ ਦਿ੍ਰਸ਼ਟੀਕੋਣਾਂ ਦਾ ਸਮਰਥਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ।ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਡਾਟਾ ਸੁਰੱਖਿਆ, ਗੋਪਨੀਯਤਾ ਅਤੇ ਤਕਨਾਲੋਜੀ ਦੀ ਜ਼ਿੰਮੇਵਾਰ ਵਰਤੋਂ ਸਬੰਧੀ ਸਚੇਤ ਰਹਿਣ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਮੂਡਲ, ਕੈਨਵਾ, ਗੂਗਲ ਕਲਾਸਰੂਮ, ਪੈਡਲੇਟ ਵਰਗੇ ਟੂਲ ਸਿੱਖਣ ਦੇ ਨਤੀਜਿਆਂ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਅਧਿਆਪਨ ਨੂੰ ਤੁਲਨਾਤਮਕ ਤੌਰ ’ਤੇ ਪ੍ਰਭਾਵੀ ਪ੍ਰਕਿਰਿਆ ਬਣਾ ਸਕਦੇ ਹਨ।

Check Also

ਵਿਸ਼ਵ ਬੈਂਕ ਦੀ ਟੀਮ ਵਲੋ ਸ਼ਹਿਰ ਦਾ ਦੌਰਾ- ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) (ਸੁਖਬੀਰ ਸਿੰਘ) – ਸ਼ਹਿਰ ਵਿੱਚ ਲੋਕਾਂ ਨੂੰ ਲਗਾਤਾਰ ਸਾਫ ਪਾਣੀ …