Wednesday, June 17, 2026

ਕੈਨੇਡਾ ਦੇ ਤਿੰਨ ਮੈਂਬਰ ਪਾਰਲੀਮੈਂਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਕੈਨੇਡਾ ਦੇ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਸਿੰਘ ਗਿੱਲ ਤੇ ਦਲਵਿੰਦਰ ਸਿੰਘ ਗਿੱਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਸਿੰਘ ਗਿੱਲ, ਦਲਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਨਾਲ ਆਏ ਸੀਨੀਅਰ ਪੱਤਰਕਾਰ ਸੁਖਜਿੰਦਰ ਸਿੰਘ ਚੋਹਲਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਨੇ ਸਿੱਖ ਨੂੰ ਬਖ਼ਸ਼ਿਸ਼ ਕੀਤੀ ਹੈ ਕਿ ਉਹ ਜਿਥੇ ਵੀ ਰਹੇ ਸਰਬੱਤ ਦੇ ਭਲੇ ਦਾ ਕਾਰਜ਼ ਕਰੇ।ਇਸੇ ਤਹਿਤ ਹੀ ਦੇਸ਼ ਦੁਨੀਆਂ ਅੰਦਰ ਵੱਸੇ ਸਿੱਖ ਗੁਰੂ ਆਸ਼ੇ ਅਨੁਸਾਰ ਕਾਰਜ ਕਰਦਿਆਂ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ। ਕੈਨੇਡਾ ਦੀ ਧਰਤੀ ’ਤੇ ਵੀ ਸਿੱਖਾਂ ਨੇ ਕਾਰੋਬਾਰਾਂ ਦੇ ਨਾਲ-ਨਾਲ ਸਿਆਸਤ ਵਿਚ ਵੀ ਵੱਡੇ ਮੁਕਾਮ ਹਾਸਲ ਕੀਤੇ ਹਨ।ਐਡਵੋਕੇਟ ਧਾਮੀ ਨੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਤੇ ਅਮਨਪ੍ਰੀਤ ਸਿੰਘ ਪੂਰਨ ਤੌਰ ’ਤੇ ਸਿੱਖੀ ਸਰੂਪ ਵਿੱਚ ਹਨ, ਜੋ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਹਨ।ਉਨ੍ਹਾਂ ਸ੍ਰੀ ਅੰਮ੍ਰਿਤਸਰ ਆਉਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ‘ਜੀ-ਆਇਆਂ’ ਆਖਿਆ ਅਤੇ ਕੈਨੇਡਾ ਅੰਦਰ ਸਿੱਖੀ ਪ੍ਰਚਾਰ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ।
ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਐਮ.ਪੀ ਹਨ, ਜਿਨ੍ਹਾਂ ਤੋਂ ਭਾਈਚਾਰੇ ਨੂੰ ਹਮੇਸ਼ਾ ਵੱਡੀਆਂ ਉਮੀਦਾਂ ਰਹੀਆਂ ਹਨ।ਇਸੇ ਦੌਰਾਨ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਸਿੰਘ ਗਿੱਲ, ਦਲਵਿੰਦਰ ਸਿੰਘ ਗਿੱਲ ਨੇ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਉਨ੍ਹਾਂ ਨੂੰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਲਈ ਕੈਨੇਡਾ ਦੀ ਪਾਰਲੀਮੈਂਟ ਵਿੱਚ ਮੈਂਬਰ ਵਜੋਂ ਸੋਂਹ ਚੁੱਕਣ ਦਾ ਉਹ ਦਿਨ ਸੀ, ਜਿਸ ਦਿਨ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਕਰਨ ਦੇ ਦਿਨ ਨੂੰ ਯਾਦ ਕੀਤਾ ਜਾ ਰਿਹਾ ਸੀ।ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਫੁੰਮਣ ਸਿੰਘ, ਅਮਰਜੀਤ ਸਿੰਘ ਬੰਡਾਲਾ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਜਸਪਾਲ ਸਿੰਘ, ਵਧੀਕ ਮੈਨੇਜਰ ਗੁਰਿੰਦਰ ਸਿੰਘ ਦੇਵੀਦਾਸਪੁਰ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਅੰਮ੍ਰਿਤਪਾਲ ਸਿੰਘ ਬੈਂਸ, ਅੰਮ੍ਰਿਤ ਹੇਅਰ, ਗੁਰਪ੍ਰਤਾਪ ਸਿੰਘ, ਹਰਮੀਤ ਸਿੰਘ ਸਲੂਜਾ ਆਦਿ ਮੌਜ਼ੂਦ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …