ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ
ਮਾਂ ਦਿਵਸ ਬੜੀ ਸ਼ਰਧਾ, ਸ਼ਿੱਦਤ ਤੇ ਵਿਲੱਖਣ ਅੰਦਾਜ਼ ਵਿੱਚ ਮਨਾਇਆ ਗਿਆ।ਇਸ ਦੀ ਪ੍ਰਧਾਨਗੀ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ।ਪ੍ਰਧਾਨ ਬਖਤਾਵਰ ਸਿੰਘ, ਪ੍ਰਿੰਸੀਪਲ ਮੈਡਮ ਹਰਿੰਦਰ ਕੌਰ ਰਿਆੜ, ਐਡਵੋਕੇਟ ਪਰਮਪਾਲ ਸਿੰਘ ਹੁੰਦਲ, ਪਰਮਿੰਦਰ ਸਿੰਘ ਪੀ.ਏ ਟੂ ਵੀ.ਸੀ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਪਿ੍ਰੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਬੱਚਿਆਂ ਦਾ ਚੰਗਾ ਭਵਿੱਖ ਤਦ ਹੀ ਸੰਭਵ ਹੈ, ਜਦੋਂ ਮਾਵਾਂ ਸੰਸਕਾਰੀ, ਸਿੱਖਿਆਯੁਕਤ ਅਤੇ ਉਚ ਵਿਚਾਰਾਂ ਵਾਲੀਆਂ ਹੋਣ।ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ, ਜਿਨ੍ਹਾਂ ਦਾ ਖਾਸ ਮਨੋਰਥ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ, ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।ਵਿਦਿਆਰਥੀਆਂ ਵਿੱਚ ਬੱਚਤ, ਆਰਥਿਕ ਪ੍ਰਬੰਧਨ ਦੀ ਸੋਚ ਪੈਦਾ ਕਰਨਾ ਅਤੇ ਸਵੈ ਨਿਰਭਰ ਬਣਾਉਣ ਲਈ ਸਮੇਂ ਸਮੇਂ ਤੇ ਹੋਣਹਾਰ, ਮਿਹਨਤੀ ਤੇ ਇਮਾਨਦਾਰ ਵਿਦਿਆਰਥੀਆਂ ਨੂੰ ਐਫ.ਡੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਹੋਣ।ਇਸ ਸਾਲ ਦੇ ਪ੍ਰਤਿਭਾਸ਼ਾਲੀ, ਹੋਣਹਾਰ ਅਤੇ ਅਨੁਸ਼ਾਸਿਤ 40 “ਵਿਦਿਆਰਥੀ-ਅਧਿਆਪਕਾਂ” ਨੂੰ 4,50, 000 ਰੁਪਏ ਦੀਆਂ ਐਫ.ਡੀ ਦਿੱਤੀਆਂ ਗਈਆਂ।ਜਿੰਨਾਂ ਵਿੱਚੋਂ 5 ਵਿਦਿਆਰਥੀ-ਅਧਿਆਪਕਾਂ ਨੂੰ 30-30 ਹਜਾਰ ਦੀਆਂ, 5 ਨੂੰ 20-20 ਹਜ਼ਾਰ ਦੀਆਂ, 10 ਨੂੰ 10-10 ਹਜ਼ਾਰ ਦੀਆਂ ਅਤੇ 20 ਵਿਦਿਆਰਥੀ-ਅਧਿਆਪਕਾਂ ਨੂੰ 5-5 ਹਜ਼ਾਰ ਦੀਆਂ ਐਫ.ਡੀ ਅੱਜ ਦਿੱਤੀਆਂ ਗਈਆਂ।
ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਕਿ ਰਿਆੜਕੀ ਕਾਲਜ ਵਿੱਚ ਆ ਕੇ ਇੱਕ ਵੱਖਰਾ ਹੀ ਅਨੁਭਵ ਹੋਇਆ ਹੈ।ਉਹ ਇਥੇ ਸਿਖਾਉਣ ਨਹੀਂ, ਸਗੋਂ ਖੁਦ ਸਿੱਖਣ ਲਈ ਆਏ ਹਨ।ਇਸ ਸੰਸਥਾ ਦੀ ਹਰ ਕਾਰਜ-ਸ਼ੈਲੀ ਬੇਹੱਦ, ਵਿਲੱਖਣ ਅਤੇ ਪ੍ਰੇਰਣਾਦਾਇਕ ਹੈ।ਉਨ੍ਹਾਂ ਕਿਹਾ ਕਿ ਇੱਥੇ ਸਿੱਖਿਆ ਨੂੰ ਸਿਰਫ਼ ਡਿਗਰੀ ਤੱਕ ਸੀਮਿਤ ਨਹੀਂ ਕੀਤਾ ਗਿਆ, ਸਗੋਂ ਇਸ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਸੰਸਕਾਰਾਂ ਨਾਲ ਜੋੜਿਆ ਗਿਆ ਹੈ।ਨਕਲ ਰਹਿਤ ਪ੍ਰੀਖਿਆ ਪ੍ਰਣਾਲੀ, ਕਰੈਕਟਰਸ਼ਾਲਾ, ਸਾਦਗੀ, ਸਿਰ ‘ਤੇ ਚੁੰਨੀ ਆਦਿ ਆਪਣੇ ਆਪ ਵਿੱਚ ਬਹੁਤ ਵੱਡੀ ਉਪਲੱਬਧੀ ਹੈ।ਇਥੇ ਦਾ ਔਰਗੈਨਿਕ ਸਿਸਟਮ ਅਤੇ ਕੁਦਰਤ ਨਾਲ ਜੁੜੀ ਜੀਵਨ-ਸ਼ੈਲੀ ਵੀ ਕਾਬਿਲ-ਏ-ਤਾਰੀਫ਼ ਹੈ।ਉਹਨਾਂ ਨੂੰ ਮਾਣ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਚੱਲਦਾ ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੱਕ ਹਿੱਸਾ ਹੈ।ਓਹਨਾਂ ਵਿਦਿਆਰਥੀਆਂ ਨਾਲ ਜਪੁ ਜੀ ਸਾਹਿਬ ਦੀ ਬਾਣੀ ਵਿੱਚ ਦਰਜ਼ ਪੰਜ ਖੰਡ ਤੋ ਇਲਾਵਾ ਜਤ, ਧੀਰਜ ਅਤੇ ਮੱਤ ਜਿਹੇ ਸਿਧਾਂਤ ਵੀ ਸਾਂਝੇ ਕੀਤੇ।
ਸਮਾਰੋਹ ਦੇ ਪਹਿਲੇ ਪੜਾਅ ਦੌਰਾਨ ਵਿਦਿਆਰਥਣਾਂ ਨੇ ਆਪਣੀਆਂ ਮਾਵਾਂ ਲਈ ਖੂਬਸੂਰਤ ਕਾਰਡ ਤਿਆਰ ਕਰਕੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਪੇਸ਼ ਕੀਤੇ।ਸੈਮੀਨਾਰ ਦੌਰਾਨ ਵਿਦਿਆਰਥਣਾਂ ਵੱਲੋਂ “ਮਾਂ ਦਾ ਸਮਾਜ ਵਿੱਚ ਮਹੱਤਵ”,” ਮਾਂ ਬੱਚੇ ਦੀ ਪਹਿਲੀ ਅਧਿਆਪਕ”,” ਆਧੁਨਿਕ ਸਮੇਂ ਵਿੱਚ ਮਾਂ ਦੀ ਭੂਮਿਕਾ”,” ਮਾਂ ਅਤੇ ਬੱਚੇ ਦੀ ਮਨੋਵਿਗਿਆਨਿਕ ਸਮਝ”,” ਮਾਂ ਦੇ ਸੰਸਕਾਰ ਅਤੇ ਬੱਚੇ ਦਾ ਭਵਿੱਖ”,” ਮਾਂ ਦਾ ਤਿਆਗ- ਸਮਰਪਣ” ਆਦਿ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ, ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।
ਅਖੀਰ ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਗਗਨਦੀਪ ਸਿੰਘ ਵਿਰਕ, ਮੈਡਮ ਮਨਪ੍ਰੀਤ ਕੌਰ ਵਿਰਕ ਅਤੇ ਸਟੂਡੈਂਟ ਕਮੇਟੀ ਦੁਆਰਾ ਮਹਿਮਾਨਾਂ ਦਾ ਸਿਰੋਪਾਓ, ਦੁਸ਼ਾਲੇ ਅਤੇ ਸਨਮਾਨ ਚਿੰਨ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਦਿਆਰਥਣਾ ਵੱਲੋਂ ਹੱਥੀਂ ਤਿਆਰ ਕੀਤਾ ਗਿਆ ਲੰਗਰ ਵੀ ਛਕਾਇਆ ਗਿਆ।
Check Also
ਆਰਮੀ, ਪੈਰਾਮਿਲਟਰੀ ਫੋਰਸ, ਐਸ.ਐਸ.ਸੀ ਪੰਜਾਬ ਪੁਲਿਸ ਦੀ ਭਰਤੀ ਲਈ ਮੁਫਤ ਲਿਖਤੀ ਪੇਪਰ ਤੇ ਫਿਜ਼ੀਕਲ ਟਰੇਨਿੰਗ ਸੀ-ਪਾਈਟ ‘ਚ ਸ਼ੁਰੂ
ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ …
Punjab Post Daily Online Newspaper & Print Media