ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ ਵੱਲੋਂ ‘ਪੰਜਾਬ ਅਰਥਵਿਵਸਥਾ ਦਾ
ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਭਾਸ਼ਣ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਲੈਕਚਰ ਮੌਕੇ ਆਕਸਫੋਰਡ ਬਰੁਕਸ ਯੂਨੀਵਰਸਿਟੀ, ਯੂ.ਕੇ ਤੋਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਅਰਥ ਸ਼ਾਸਤਰੀ ਪ੍ਰੋ: ਪ੍ਰੀਤਮ ਸਿੰਘ ਨੇ ਉਕਤ ਵਿਸ਼ੇ ’ਤੇ ਭਾਸ਼ਣ ਦਿੱਤਾ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਰੰਧਾਵਾ ਨੇ ਖੇਤੀਬਾੜੀ ਵਿਭਾਗ ਮੁਖੀ ਡਾ. ਗੁਰਬਖਸ਼ ਸਿੰਘ ਨਾਲ ਮਿਲ ਕੇ ਪ੍ਰੋ: ਪ੍ਰੀਤਮ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।ਉਪਰੰਤ ਡਾ. ਗੁਰਬਖਸ਼ ਸਿੰਘ ਨੇ ਭਾਗੀਦਾਰਾਂ ਨਾਲ ਸਰੋਤ ਵਿਅਕਤੀ ਦੀ ਜਾਣ-ਪਛਾਣ ਕਰਵਾਈ ਅਤੇ ਲੈਕਚਰ ਦੇ ਮੁੱਖ ਵਿਸ਼ੇ ’ਤੇ ਚਾਨਣਾ ਪਾਇਆ।
ਪ੍ਰੋ. ਪ੍ਰੀਤਮ ਸਿੰਘ ਨੇ ਪੰਜਾਬ ਦੀ ਅਰਥਵਿਵਸਥਾ ਦੇ ਇਤਿਹਾਸਕ ਵਿਕਾਸ ਦੀ ਵਿਸਥਾਰ ਨਾਲ ਚਰਚਾ ਕਰਦਿਆਂ ਹਰੀ ਕ੍ਰਾਂਤੀ ਤੋਂ ਬਾਅਦ ਦੇ ਦੌਰ ’ਚ ਖੇਤੀਬਾੜੀ ’ਚ ਆਏ ਬਦਲਾਵਾਂ ਦਾ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਵਪਾਰੀਕਰਨ, ਇਕੋ ਫਸਲੀ ਪ੍ਰਣਾਲੀ, ਬੇਹੱਦ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਇਸਤੇਮਾਲ ਕਾਰਨ ਵਾਤਾਵਰਣ ਅਸੰਤੁਲਨ ਪੈਦਾ ਹੋਇਆ ਹੈ।ਉਨ੍ਹਾਂ ਨੇ ਪੰਜਾਬ ’ਚ ਪੈਦਾ ਹੋ ਰਹੀਆਂ ਜ਼ਮੀਨੀ ਪਾਣੀ ਦੇ ਪੱਧਰ ’ਚ ਗਿਰਾਵਟ, ਮਿੱਟੀ ਦੀ ਉਪਜਾਊ ਸ਼ਕਤੀ ਦਾ ਘਟਣਾ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ’ਤੇ ਅਤਿ ਨਿਰਭਰਤਾ, ਪਰਾਲੀ ਸਾੜਨ ਨਾਲ ਵਧਦਾ ਹਵਾ ਪ੍ਰਦੂਸ਼ਣ ਅਤੇ ਜੀਵ ਵਿਭਿੰਨਤਾ ਦੀ ਘਾਟ ਵਰਗੀਆਂ ਮੁੱਖ ਵਾਤਾਵਰਣ ਚੁਣੌਤੀਆਂ ’ਤੇ ਵੀ ਚਾਨਣ ਪਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਦਾ ਪਰਿਆਵਰਣਕ ਪੁਨਰਗਠਨ ਸਿਰਫ਼ ਇੱਕ ਵਾਤਾਵਰਣ ਦੀ ਰੱਖਿਆ ਲਈ ਹੀ ਨਹੀਂ, ਸਗੋਂ ਲੰਬੇ ਸਮੇਂ ਦੀ ਆਰਥਿਕ ਸਥਿਰਤਾ, ਪਿੰਡਾਂ ਦੀ ਜੀਵਿਕਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਲਈ ਵੀ ਬਹੁਤ ਜ਼ਰੂਰੀ ਹੈ।ਉਨ੍ਹਾਂ ਨੌਜਵਾਨ ਅਰਥਸ਼ਾਸਤਰੀਆਂ ਅਤੇ ਖੋਜਕਰਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੰਤਰ-ਵਿਭਾਗੀ ਪਹੁੰਚ ਅਪਣਾਉਂਦੇ ਹੋਏ ਵਾਤਾਵਰਣ ਅਰਥਸ਼ਾਸਤਰ ਅਤੇ ਵਿਕਾਸ ਯੋਜਨਾ ਨੂੰ ਇਕੱਠੇ ਜੋੜਨ ਲਈ ਕਾਰਜ਼ ਕਰਨ।
ਪ੍ਰਿੰ: ਡਾ. ਰੰਧਾਵਾ ਨੇ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪ੍ਰੋ: ਪ੍ਰੀਤਮ ਸਿੰਘ ਦੁਆਰਾ ਵਿਦਿਆਰਥੀਆਂ ਨਾਲ ਖੇਤੀਬਾੜੀ ਸਬੰਧੀ ਪ੍ਰਦਾਨ ਕੀਤੀ ਗਈ ਜਾਣਕਾਰੀ ਭਵਿੱਖ ’ਚ ਉਨ੍ਹਾਂ ਲਈ ਲਾਹੇਵੰਦ ਸਾਬਿਤ ਹੋਵੇਗੀ.।ਲੈਕਚਰ ਦੇ ਅੰਤ ’ਤੇ ਇੱਕ ਇੰਟਰੈਕਟਿਵ ਸੈਸ਼ਨ ਵੀ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਨੀਤੀਆਂ ਦੇ ਲਾਗੂ ਕਰਨ ਅਤੇ ਟਿਕਾਊ ਵਿਕਾਸ ’ਚ ਕਾਲਜਾਂ ਦੀ ਭੂਮਿਕਾ ਸਬੰਧੀ ਪ੍ਰੋ: ਪ੍ਰੀਤਮ ਸਿੰਘ ਪਾਸੋਂ ਸਵਾਲ ਵੀ ਕੀਤੇ, ਜਿਨ੍ਹਾਂ ਦਾ ਉਨ੍ਹਾਂ ਬਾਖੂਬੀ ਢੰਗ ਨਾਲ ਜਵਾਬ ਦਿੱਤਾ।ਇਸ ਉਨ੍ਹਾਂ ਵਿਦਿਆਰਥੀਆਂ ਨੂੰ ਖੋਜ਼ ਆਧਾਰਿਤ ਹੱਲ ਅਤੇ ਸਮਾਜਿਕ ਭਾਗੀਦਾਰੀ ਰਾਹੀਂ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ।ਇਕਨਾਮਿਕਸ ਦੇ ਸਹਾਇਕ ਪ੍ਰੋਫੈਸਰ ਡਾ. ਸੁਪਰੀਤ ਕੌਰ ਨੇ ਪ੍ਰੋ. ਪ੍ਰੀਤਮ ਸਿੰਘ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਅਜਿਹੇ ਅਕਾਦਮਿਕ ਸਹਿਯੋਗ ਦੀ ਉਮੀਦ ਜਤਾਈ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਡਾ. ਗੁਰਬਖਸ਼ ਸਿੰਘ ਅਤੇ ਅਰਥ ਸ਼ਾਸਤਰ ਵਿਭਾਗ ਮੁਖੀ ਡਾ. ਅੰਜ਼ੂ ਸ਼ਰਮਾ ਨਾਲ ਮਿਲ ਕੇ ਮਹਿਮਾਨ ਬੁਲਾਰੇ ਪ੍ਰੋ. ਪ੍ਰੀਤਮ ਸਿੰਘ ਨੂੰ ਕਾਲਜ ਫੋਟੋ ਅਤੇ ਕਾਫੀ ਟੇਬਲ ਬੁੱਕ ਭੇਂਟ ਕਰਕੇ ਸਨਮਾਨਿਤ ਕੀਤਾ।
Punjab Post Daily Online Newspaper & Print Media