Friday, March 20, 2026

ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿੱਤੀ ਸਾਲ 2026-27 ਦਾ 773 ਕਰੋੜ 17 ਲੱਖ 42 ਹਜ਼ਾਰ ਰੁਪਏ ਦਾ ਬਜ਼ਟ ਪਾਸ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਤੀ ਸਾਲ 2026-27 ਬਜ਼ਟ ਨੂੰ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਦੋਵਾਂ ਸਦਨਾਂ ਵੱਲੋਂ 773 ਕਰੋੜ 17 ਲੱਖ 42 ਹਜ਼ਾਰ ਰੁਪਏ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ।ਇਸ ਬਜ਼ਟ ਵਿੱਚ ਜਿਥੇ ਪ੍ਰਮੁੱਖ ਤੌਰ `ਤੇ ਅਧਿਆਪਨ, ਖੋਜ਼, ਅਤੇ ਕਿੱਤਾਮੁਖੀ ਕੋਰਸਾਂ ਨੂੰ ੳਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ, ਉਥੇ ਯੂਨੀਵਰਸਿਟੀ ਦੇ ਮੁੱਢਲੇ ਢਾਂਚੇ ਤੇ ਵਾਤਾਵਰਣ ਨੂੰ ਹੋਰ ਵੀ ਵਧੀਆ ਬਣਾਉਣ ਲਈ ਵੀ ਵਿਸ਼ੇਸ਼ ਬਜਟ ਰੱਖਿਆ ਗਿਆ ਹੈ।ਯੂਨੀਵਰਸਿਟੀ ਇਸ ਬਜ਼ਟ ਵਿੱਚੋਂ 46.50 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿਖਿਆ ਵਿੱਚ ਸੁਧਾਰ ਲਿਆਉਣ ਲਈ ਖਰਚ ਕਰਨ ਜਾ ਰਹੀ ਹੈ।
ਯੂਨੀਵਰਸਿਟੀ ਦੇ ਸਿੰਡੀਕੇਟ ਤੇ ਸੈਨੇਟ ਦੋਵਾਂ ਸਦਨਾਂ ਦੀਆਂ ਵੱਖ-ਵੱਖ ਇਕੱਤਰਤਾਵਾਂ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਕੀਤੀ, ਜਦੋਂਕਿ ਰਜਿਸਟਰਾਰ ਪ੍ਰੋ. ਕੇ.ਐਸ ਚਾਹਲ ਨੇ ਦੋਵਾਂ ਮੀਟਿੰਗਾਂ ਵਿਚ ਏਜੰਡਾ ਪੇਸ਼ ਕੀਤਾ।ਡੀਨ ਅਕਾਦਮਿਕ ਮਾਮਲੇ, ਪ੍ਰੋ. ਐਚ.ਐਸ ਸੈਣੀ ਤੋਂ ਇਲਾਵਾ ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਦੋਵਾਂ ਸਦਨਾਂ ਵਿੱਚ ਹਾਜ਼ਰ ਸਨ।
ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਬਜ਼ਟ ਦਾ 46.50 ਫੀਸਦ ਅਧਿਆਪਨ ਅਲਾਈਡ ਖੋਜ਼ ਅਤੇ ਸਿੱਖਿਆ ਦੇ ਸੁਧਾਰ ਤੇ ਖਰਚ ਕੀਤਾ ਜਾਵੇਗਾ, ਨਾਨ ਟੀਚਿੰਗ ਵਿਭਾਗਾਂ ਤੇ 11.36 ਫੀਸਦ, ਜਨਰਲ ਐਡਮਿਨੀਸਟਰੇਸ਼ਨ ਤੇ 10.53 ਫੀਸਦ, ਪ੍ਰੀਖਿਆਵਾਂ ਦੇ ਸੰਚਾਲਨ ਤੇ 2.97 ਫੀਸਦ, ਆਮ ਮੱਦਾਂ (ਟੀਚਿੰਗ ਅਤੇ ਨਾਨ ਟੀਚਿੰਗ) `ਤੇ 6.80 ਫੀਸਦ, ਇਮਾਰਤਾਂ ਦੀ ਉਸਾਰੀ ਤੇ 6.05 ਫੀਸਦ ਅਤੇ ਪੈਨਸ਼ਨ ਅਤੇ ਹੋਰ ਦੂਸਰੇ ਸੇਵਾ-ਮੁਕਤੀ ਲਾਭ ਉਪਰ 15.79 ਫੀਸਦ ਖਰਚ ਕੀਤਾ ਜਾਵੇਗਾ।
ਵਾਈਸ ਚਾਂਸਲਰ ਨੇ ਦੱਸਿਆ ਕਿ ਸਾਲ 2025-26 ਦੌਰਾਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀ ਦੀ ਆਰਥਿਕ ਮਦਦ ਲਈ ਪਿਛਲੇ ਸਾਲ ਨਾਲੋਂ ਵੱਧ ਕੁੱਲ 4 ਕਰੋੜ 16 ਲੱਖ 28 ਹਜ਼ਾਰ ਰੁਪਏ ਦੀ ਟਿਊਸ਼ਨ ਫੀਸ (ਪੂਰੀ ਅਤੇ ਅੱਧੀ) ਦੀ ਮੁਆਫੀ ਦਿੱਤੀ ਗਈ।ਇਸੇ ਤਰ੍ਹਾਂ ਪੋਸਟ ਮੈਟਰਿਕ ਸਕਾਲਰਸ਼ਿਪ ਟੂ ਐਸ.ਸੀ. ਸਟੂਡੈਂਟ ਸਕੀਮ ਅਧੀਨ ਅਨਸੂਚਿਤ ਜਾਤੀ ਦੇ 2377 ਵਿਦਿਆਰਥੀਆਂ ਦੀ 22 ਕਰੋੜ 24 ਲੱਖ 69 ਹਜ਼ਾਰ ਰੁਪਏ ਦਾ ਫੀਸ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ।ਨੈਸ਼ਨਲ ਸਕਾਲਰਸ਼ਿਪ ਪੋਰਟਲ `ਤੇ ਲਗਪਗ 35 ਵਿਦਿਆਰਥੀਆਂ ਦੇ ਫਾਰਮ ਆਨਲਾਈਨ ਸਰਕਾਰ ਪਾਸ ਭੇਜੇ ਜਾ ਚੁੱਕੇ ਹਨ।ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦੀ ਹਰ ਪੱਖ ਤੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਜਿਸਟਰਾਰ ਪ੍ਰੋ. ਕੇ.ਐਸ ਚਾਹਲ ਨੇ ਦੱਸਿਆ ਕਿ ਰਿਸਰਚ ਦੇ ਕੰਮ ਨੂੰ ਹੋਰ ਉਤਸ਼ਾਹਿਤ ਕਰਨ ਦੇ ਮੰਤਵ ਲਈ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਪਰਾਲੇ ਅਤੇ ਅਣਥੱਕ ਮਿਹਨਤ ਸਦਕਾ ਦੇਸ ਅਤੇ ਵਿਦੇਸ਼ ਦੇ ਦਾਨੀ-ਸੱਜਣਾਂ ਪਾਸੋਂ ਵਿੱਤੀ ਸਹਾਇਤਾ ਪ੍ਰਾਪਤ ਹੋ ਰਹੀ ਹੈ।ਯੂਨੀਵਰਸਿਟੀ ਬਜ਼ਟ ਵਿਚ 200 ਰਿਸਰਚ ਸਕਾਲਰਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਫਿਕਸਡ ਸਕਾਲਰਸ਼ਿਪ ਦੇਣ ਲਈ ਵਿਵਸਥਾ ਕੀਤੀ ਗਈ ਹੈ।ਸਾਲ 2025 ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿਦਿਆ ਪ੍ਰਾਪਤ ਕਰਨ ਉਪਰੰਤ ਕੁੱਲ 624 ਵਿਦਿਆਰਥੀਆਂ ਦੀ ਪਲੇਸਮੈਂਟ ਭਾਰਤ ਅਤੇ ਵਿਦੇਸ਼ਾਂ ਦੀਆਂ ਉਚੀਆਂ ਕੰਪਨੀਆਂ ਵਿੱਚ ਹੋਈ ਹੈ।
ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਖਿਡਾਰੀਆਂ ਵਲੋਂ ਇੰਟਰਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ਵਿੱਚ 4 ਗੋਲਡ ਅਤੇ 3 ਸਿਲਵਰ ਮੈਡਲ ਜਿੱਤੇ ਹਨ।ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ, ਖੇਲੋ ਇੰਡੀਆ ਅਤੇ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਪਹਿਲਾ, ਦੁਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਵਿਦਿਆਰਥੀਆਂ ਵਲੋਂ ਯੂਥ ਫੈਸਟੀਵਲ ਦੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਾਰਥ ਜੋਨ ਇੰਟਰ ਯੂਨੀਵਰਸਿਟੀ ਵਿੱਚ ਸੈਕੰਡ ਰਨਰਜ਼ਅਪ ਸਥਾਨ ਹਾਸਲ ਕੀਤਾ।ਮਨੁੱਖੀ ਜੀਵਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਧ ਰਹੀ ਵਰਤੋਂ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੇਲੀਜੈਂਸ ਦੀ ਭੂੁਮਿਕਾ ਸਬੰਧੀ ਇੱਕ ਵਿਸ਼ਵ ਪੱਧਰੀ ਕਾਨਫਰੰਸ ਕਰਵਾਈ ਗਈ ਹੈ।ਯੂਨੀਵਰਸਿਟੀ ਵਲੋਂ ਪੰਜਾਬੀ ਦੀ ਸਿੱਖਿਆ ਸਬੰਧੀ ਇੱਕ ਏ.ਆਈ ਅਧਾਰਿਤ ਸਾਫਟਵੇਅਰ ਵੀ ਤਿਆਰ ਕੀਤਾ ਜਾ ਰਿਹਾ ਹੈ।ਉਨ੍ਹਾਂ ਭਾਰਤ ਸਰਕਾਰ ਦੀਆਂ ਗ੍ਰਾਂਟ ਅਤੇ ਫੰਡ ਏਜੰਸੀਆਂ ਵਲੋਂ ਯੂਨੀਵਰਸਿਟੀ ਨੂੰ ਸਾਲ 2025-26 ਦੌਰਾਨ ਵੱਖ-ਵੱਖ ਪ੍ਰੋਜੈਕਟਾਂ/ਸਕੀਮਾਂ ਦੇ ਤਹਿਤ ਜਾਰੀ ਗ੍ਰਾਂਟਾਂ ਬਾਰੇ ਵੀ ਦੱਸਿਆ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …