ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ
ਤਰਨਜੀਤ ਸਿੰਘ ਸੰਧੂ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਆਪਣੇ ਬਚਪਨ ਅਤੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕਰਨ ਲਈ ਉਚੇਚੇ ਤੌਰ ‘ਤੇ ਯੂਨੀਵਰਸਿਟੀ ਪੁੱਜੇ।ਸਭ ਤੋਂ ਪਹਿਲਾਂ ਉਹ ਵਾਈਸ-ਚਾਂਸਲਰ ਹਾਊਸ ਪੁੱਜੇ ਜਿਥੇ ਉਹ ਆਪਣੇ ਪਿਤਾ ਸ ਬਿਸ਼ਨ ਸਿੰਘ ਸਮੁੰਦਰੀ ਨਾਲ ਰਹਿੰਦੇ ਰਹੇ।ਉਨ੍ਹਾਂ ਨੇ ਉਸ ਸਮੇਂ ਦੀਆਂ ਯਾਦਾਂ ਤਾਜ਼ਾ ਕਰਨ ਦੇ ਨਾਲ ਯੂਨੀਵਰਸਿਟੀਆਂ ਕੈਂਪਸ ਵਿੱਚ ਬਿਤਾਏ ਜੀਵਨ ਦੀਆਂ ਕਈ ਘਟਨਾਵਾਂ ਸਾਂਝੀਆਂ ਕੀਤੀਆਂ।ਉਨ੍ਹਾਂ ਦੀ ਧਰਮ ਪਤਨੀ ਰੇਨਾਤ ਸੰਧੂ, ਨੀਦਰਲੈਂਡ ਲਈ ਭਾਰਤ ਦੀ ਸਾਬਕਾ ਰਾਜਦੂਤ ਅਤੇ ਸੇਵਾਮੁਕਤ ਭਾਰਤੀ ਡਿਪਲੋਮੈਟ ਵੀ ਉਨ੍ਹਾਂ ਨਾਲ ਸਨ।ਯੂਨੀਵਰਸਿਟੀ ਵਿਖੇ ਪਹੁੰਚਣ ‘ਤੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਨੇ ਵੀ ਨਿੱਘਾ ਸਵਾਗਤ ਕੀਤਾ।ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਅਸੀਸ ਪ੍ਰਾਪਤ ਕੀਤੀ।ਡੀਨ ਅਕਾਦਮਿਕ ਮਾਮਲੇ ਪ੍ਰੋ. ਐਚ.ਐਸ ਸੈਣੀ ਨੇ ਵੀ ਉਨ੍ਹਾਂ ਨੂੰ ਰਸਮੀ ‘ਜੀ ਆਇਆ’ ਆਖਿਆ।ਇਸ ਤੋਂ ਪਹਿਲਾ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਨੇ ਤਰਨਜੀਤ ਸਿੰਘ ਦਾ ਯੂਨੀਵਰਸਿਟੀ ਪਰਿਵਾਰ ਦੇ ਅਜੀਜ਼ ਮੈਂਬਰ ਵਜੋਂ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁਰਖੇ ਪ੍ਰੋਫੈਸਰ ਬਿਸ਼ਨ ਸਿੰਘ ਸਮੁੰਦਰੀ ਅਤੇ ਸ. ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਰਾਹੀਂ ਭਾਵਨਾਤਮਕ ਤੇ ਇਤਿਹਾਸਕ ਜੁੜਾਅ ਨੂੰ ਉਜਾਗਰ ਕੀਤਾ, ਜਿਨ੍ਹਾਂ ਦੇ ਬਲੀਦਾਨ ਅਤੇ ਯੋਗਦਾਨ ਨੇ ਯੂਨੀਵਰਸਿਟੀ ਦੀ ਉੱਤਮਤਾ ਦੀ ਨੀਂਹ ਰੱਖੀ।
ਆਪਣੇ ਸੰਬੋਧਨ ਵਿੱਚ ਪ੍ਰੋਫੈਸਰ ਕਰਮਜੀਤ ਸਿੰਘ ਨੇ ਯੂਨੀਵਰਸਿਟੀ ਦੀਆਂ ਮੌਜ਼ੂਦਾ ਉਪਲੱਬਧੀਆਂ ਨੂੰ ਪ੍ਰੋਫੈਸਰ ਬਿਸ਼ਨ ਸਿੰਘ ਸਮੁੰਦਰੀ ਦੇ ਮੂਲ ਵਿਜ਼ਨ ਨਾਲ ਜੋੜਦਿਆਂ ਦੱਸਿਆ ਕਿ 1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸ਼ੁਰੂ ਤੋਂ ਬਣਾਉਣ ਵਾਲੇ ਉਨ੍ਹਾਂ ਨੇ ਜ਼ਮੀਨ ਹਾਸਲ ਕੀਤੀ, ਸਰੋਤ ਜੁਟਾਏ, ਨਿਰਮਾਣ ਦੀ ਨਿਗਰਾਨੀ ਕੀਤੀ ਅਤੇ ਮੈਰਿਟ-ਅਧਾਰਿਤ, ਚੰਗੇ ਅਧਿਆਪਕਾਂ ਨੂੰ ਭਰਤੀ ਕੀਤਾ।ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਹਰ ਵਿਭਾਗ ਅਤੇ ਪਰੰਪਰਾ ਵਿੱਚ ਇਸ ਵਿਜ਼ਨ ਦੀ ਛਾਪ ਹੈ।
ਪ੍ਰੋਫੈਸਰ ਕਰਮਜੀਤ ਸਿੰਘ ਨੇ ਤਰਨਜੀਤ ਸਿੰਘ ਸੰਧੂ ਨਾਲ ਨੇੜਤਾ ਦੀ ਭਾਵਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਉਨ੍ਹਾਂ ਲਈ ਸਿਰਫ ਇੱਕ ਸੰਸਥਾ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ ਦੀ ਲੰਮੀ ਵਿਰਾਸਤ ਦਾ ਹਿੱਸਾ ਹੈ।ਤਰਨਜੀਤ ਸਿੰਘ ਸੰਧੂ ਨੇ ਸ਼ਹਿਰ ਨੂੰ ਇਤਿਹਾਸਕ ਅਤੇ ਸੰਸਕ੍ਰਿਤਿਕ ਮਹੱਤਤਾ ਵਾਲਾ ਕੇਂਦਰ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਦੇਸ਼ ਵਿੱਚ ਲੋਕਤਾਂਤਰਿਕ ਪਰੰਪਰਾਵਾਂ ਅਤੇ ਸਮਾਜਿਕ ਆੰਦੋਲਨਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਗੁਰਦੁਆਰਾ ਗੁਰੂ ਕਾ ਬਾਗ ਅੰਦੋਲਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਅਹਿੰਸਕ ਲਹਿਰਾਂ ਦੇ ਸਭ ਤੋਂ ਪਹਿਲੇ ਕਾਮਯਾਬ ਉਦਾਹਰਣਾਂ ਵਿੱਚੋਂ ਇੱਕ ਸੀ, ਜਿਸ ਨੇ ਸਾਂਝੀ ਹਿੰਮਤ ਅਤੇ ਨੈਤਿਕਤਾ ਦੀ ਤਾਕਤ ਨੂੰ ਦਰਸਾਇਆ।ਉਨ੍ਹਾਂ ਕਿਹਾ ਕਿ ਜਦੋਂ ਇਸ ਖੇਤਰ ਵਿੱਚ ਸਿੱਖਿਆ ਦੇ ਮੌਕੇ ਘੱਟ ਸਨ, ਉਸ ਸਮੇਂ ਵਿਜ਼ਨਰੀ ਨੇਤ੍ਰਿਤਵ ਨੇ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਰਾਹੀਂ ਮਜ਼ਬੂਤ ਅਕਾਦਮਿਕ ਬੁਨਿਆਦਾਂ ਰੱਖੀਆਂ।ਉਨ੍ਹਾਂ ਕਿਹਾ ਕਿ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਚੈਟ ਜੀ.ਪੀ.ਟੀ ਵਰਗੇ ਨਵੇਂ ਤਕਨੀਕੀ ਸਾਧਨ ਵਿਸ਼ਵ ਪੱਧਰ ‘ਤੇ ਗਿਆਨ ਦੀ ਦੁਨੀਆਂ ਨੂੰ ਤੇਜ਼ੀ ਨਾਲ ਬਦਲ ਰਹੇ ਹਨ।ਞ ਸਾਬਕਾ ਅੰਬੈਸਡਰ ਨਵਦੀਪ ਸਿੰਘ ਸੂਰੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।ਰਜਿਸਟਰਾਰ ਪ੍ਰੋ. ਡਾ. ਕੇ.ਐਸ ਚਾਹਲ ਨੇ ਸਭ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿੱਤੀ ਸਾਲ 2026-27 ਦਾ 773 ਕਰੋੜ 17 ਲੱਖ 42 ਹਜ਼ਾਰ ਰੁਪਏ ਦਾ ਬਜ਼ਟ ਪਾਸ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਤੀ ਸਾਲ 2026-27 …
Punjab Post Daily Online Newspaper & Print Media