Thursday, March 26, 2026

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਵਾਈਸ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ ਨੇ ਰਣਜੀਤ ਐਵੇਨਿਊ ਬੀ ਬਲਾਕ ਵਿਖੇ ਰਣਜੀਤ ਪਾਰਕ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਸਥਾਨਕ ਨਿਵਾਸੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਦੌਰਾਨ ਮੇਅਰ ਭਾਟੀਆ ਨੇ ਕਿਹਾ ਕਿ ਇਸ ਸ਼ਹਿਰ-ਪੱਧਰੀ ਪ੍ਰੋਜੈਕਟ ਦੇ ਤਹਿਤ ਨਗਰ ਨਿਗਮ ਵੱਲੋਂ ਸਾਰੇ ਸਰਕਾਰੀ ਪਾਰਕਾਂ ਦੀ ਮੁਰੰਮਤ, ਨਵੀਨੀਕਰਨ ਅਤੇ ਸੰਭਾਲ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਨੂੰ ਸਾਫ਼-ਸੁਥਰੇ, ਹਰਿਆਲੇ ਅਤੇ ਨਾਗਰਿਕਾਂ ਲਈ ਵਧੇਰੇ ਸੁਵਿਧਾਜਨਕ ਮਨੋਰੰਜਨ ਸਥਾਨ ਬਣਾਇਆ ਜਾ ਸਕੇ।ਇਸ ਯੋਜਨਾ ਵਿੱਚ ਆਧੁਨਿਕ ਲਾਈਟਿੰਗ ਪ੍ਰਣਾਲੀ, ਵਾਕਿੰਗ ਟਰੈਕ, ਬੱਚਿਆਂ ਲਈ ਖੇਡ ਸਾਮਾਨ, ਉਨਤ ਸਿੰਚਾਈ ਪ੍ਰਣਾਲੀ ਅਤੇ ਸੁਰੱਖਿਆ ਦੇ ਬਿਹਤਰ ਇੰਤਜ਼ਾਮ ਸ਼ਾਮਲ ਹੋਣਗੇ।
ਮੇਅਰ ਨੇ ਕਿਹਾ ਕਿ ਇਸ ਯੋਜਨਾ ਵਿੱੱਚ ਵਾਤਾਵਰਣ-ਮਿੱਤਰ ਕਦਮਾਂ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ, ਜਿਵੇਂ ਕਿ ਵੱਧ ਤੋਂ ਵੱਧ ਰੁੱਖ ਲਗਾਉਣਾ, ਪਾਣੀ ਸੰਭਾਲ ਪ੍ਰਣਾਲੀਆਂ ਅਤੇ ਟਿਕਾਊ ਸਮੱਗਰੀ ਦੀ ਵਰਤੋਂ ਸ਼ਾਮਲ ਹਨ।ਇਹ ਪ੍ਰੋਜੈਕਟ ਚਰਣਬੱਧ ਢੰਗ ਨਾਲ ਲਾਗੂ ਕੀਤਾ ਜਾਵੇਗਾ ਅਤੇ ਨਗਰ ਨਿਗਮ ਦੀ ਹੱਦ ਵਿੱਚ ਆਉਂਦੇ ਸਾਰੇ ਵੱਡੇ ਅਤੇ ਮੁਹੱਲਾ ਪਾਰਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ।ਮੇਅਰ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਸਰਕਾਰੀ ਸਥਾਨਾਂ ਦੀ ਸਫ਼ਾਈ ਅਤੇ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।
ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਿਤ ਕਰਨ ਦਾ ਟੀਚਾ ਹੈ।ਮੀਟਿੰਗ ਵਿੱਚ ਮੁਨੀਸ਼ ਸ਼ਰਮਾ, ਐਡਵੋਕੇਟ ਅਰਵਿੰਦਰ ਸਿੰਘ ਭੱਟੀ, ਸਰਨਪਾਲ ਸਿੰਘ, ਐਚ.ਐਸ ਦੁਆ, ਮੈਡਮ ਪਰਮ ਸ਼ਰਮਾ ਸਮੇਤ ਵੱਡੀ ਗਿਣਤੀ ‘ਚ ਰਣਜੀਤ ਐਵੀਨਿਊ ਬੀ ਬਲੋਕ ਵਸਨੀਕਾਂ ਨੇ ਭਾਗ ਲਿਆ।

Check Also

ਸੂਬੇ ਭਰ ਵਿੱਚ 2.89 ਲੱਖ ਤੋਂ ਵੱਧ ਮਾਵਾਂ ਨੂੰ ਮਿਲੀ ਆਰਥਿਕ ਰਾਹਤ – ਗੁਰਪ੍ਰਤਾਪ ਸਿੰਘ ਸੰਧੂ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਇਸਤਰੀਆਂ ਦੀ ਭਲਾਈ ਅਤੇ ਸਸ਼ਕਤੀਕਰਨ ਆਮ ਆਦਮੀ ਪਾਰਟੀ ਦੀ …