Thursday, March 26, 2026

ਖ਼ਾਲਸਾ ਕਾਲਜ ਵਿਖੇ ਤਿੰਨ-ਰੋਜ਼ਾ ਬਹੁਅਨੁਸ਼ਾਸਨੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਹੋਇਆ ਸ਼ਾਨਦਾਰ ਅਗਾਜ਼

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਵੱਲੋਂ ‘ਏ.ਆਈ ਦੇ ਦੌਰ ’ਚ ਖੋਜ਼ ਅਤੇ ਸਿਰਜਨਾਤਮਕਤਾ: ਨਵੇਂ ਸੰਦ, ਤਕਨੀਕਾਂ ਅਤੇ ਖੋਜ਼ ਵਿਧੀਆਂ’ ਵਿਸ਼ੇ ’ਤੇ ਤਿੰਨ ਰੋਜ਼ਾ ਬਹੁਅਨੁਸ਼ਾਸਨੀ ਅੰਤਰ-ਰਾਸ਼ਟਰੀ ਕਾਨਫ਼ਰੰਸ ਦੇ ਪਹਿਲੇ ਦਿਨ ਦਾ ਆਰੰਭ ਉਦਘਾਟਨੀ ਸੈਸ਼ਨ ਨਾਲ ਸ਼ੁਰੂ ਹੋਇਆ।ਸਮਾਗਮ ਦੀ ਸ਼ੁਰੂਆਤ ਕਾਲਜ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ਼ਬਦ ਗਾਇਨ ਦੁਆਰਾ ਕੀਤੀ ਗਈ।ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਅਤੇ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਪੁੱਜੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਫ਼ੁਲਾਂ ਦੇ ਗੁਲਦਸਤੇ ਦਿੰਦੇ ਹੋਏ ਸਵਾਗਤ ਕੀਤਾ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਅਜੋਕਾ ਸਮਾਜ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਤੇਜੀ ਨਾਲ ਬਦਲ ਰਿਹਾ ਹੈ।ਇਸ ਤੋਂ ਪਹਿਲਾਂ ਪ੍ਰਿੰ: ਡਾ. ਰੰਧਾਵਾ ਨੇ ਕਾਨਫ਼ਰੰਸ ਨੇ ਕਿਹਾ ਕਿ ਅਜੋਕੇ ਸਮੇਂ ’ਚ ਅਕਾਦਮਿਕ ਪੱਧਰ ’ਤੇ ਖੋਜ਼ ਦੇ ਨਵੇਂ ਸੰਦਾਂ ਦੀ ਵਰਤੋਂ ਅਤੇ ਤਨਨੀਕ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਹੈ।
ਵਿਸ਼ੇਸ਼ ਮਹਿਮਾਨ ਵਜੋਂ ਅਪਣੇ ਭਾਸ਼ਣ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਕਰਮਜੀਤ ਸਿੰਘ ਨੇ ਕਿਹਾ ਕਿ ਵਿਦਿਅਕ ਅਦਾਰਿਆਂ ’ਚ ਇਸ ਕਿਸਮ ਦੀਆਂ ਕਾਨਫ਼ਰੰਸਾਂ ਦੀ ਮਹੱਤਵਪੂਰਨ ਭੂਮਿਕਾ ਹੈ।ਖੋਜ-ਕਾਰਜ਼ ਕਰਨ ਵਾਲੇ ਵਿਦਿਆਰਥੀਆਂ ਲਈ ਏਆਈ ਨਾਲ ਜੁੜੀਆਂ ਤਕਨੀਕੀ ਵਿਧੀਆਂ ਦੀ ਵਰਤੋਂ ਲਈ ਲਾਹੇਵੰਦ ਸਾਬਤ ਹੋਵੇਗੀ।
ਖਾਲਸਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਹਿਤਕ ਖੇਤਰ ’ਚ ਏ.ਆਈ ਮਨੁੱਖੀ ਦਿਮਾਗ ਦਾ ਬਦਲ ਨਹੀਂ ਹੈ।ਵਿਕਾਸ ਦਾ ਸਬੰਧ ਤਕਨੀਕ ਨਾਲ ਨਹੀਂ ਬਲਕਿ ਮਨੁੱਖੀ ਦਿਮਾਗ ਨਾਲ ਹੈ। ਮਨੁੱਖੀ ਦਿਮਾਗ ਦੀ ਹੋਂਦ ਨਾਲ ਹੀ ਏ.ਆਈ ਵਰਗੇ ਉਪਕਰਨ ਹੋਂਦ ’ਚ ਆਏ ਹਨ।
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਪ੍ਰੋਫ਼ੈਸਰ ਸਤਬੀਰ ਸਿੰਘ ਗੋਸਲ ਨੇ ਖੇਤੀਬਾੜੀ ਵਿੱਚ ਵਰਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਭਰਪੂਰ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ।ਏ.ਆਈ ਫਿਊਚਰਿਸਟ ਐਂਡ ਔਥਰ ਯੋਗੇਸ਼ ਕੌਛੜ ਨੇ ਨੌਜੁਆਨ ਪੀੜ੍ਹੀ ’ਤੇ ਏ.ਆਈ ਵਰਗੇ ਉਪਕਰਨਾਂ ਦੇ ਮਾਰੂ ਪ੍ਰਭਾਵਾਂ ਦੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਫੋਨ ਵਿੱਚ ਚਲਾਉਣ ਵਾਲੇ ਐਪਸ ਦੇ ਗੁਲਾਮ ਬਣ ਚੁੱਕੇ ਹਾਂ।
ਪ੍ਰਸਿੱਧ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਆਪਣੇ ਕਾਨਸੈਪਟ ਨੋਟ ਵਿੱਚ ਮਨੁੱਖ ਅਤੇ ਤਕਨੀਕ ਦੇ ਆਪਸੀ ਅੰਤਰ-ਸੰਬੰਧਾਂ ਬਾਰੇ ਵਿਸਤਰਿਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਨੁੱਖ ਅਤੇ ਤਕਨੀਕ ਦੇ ਆਪਸੀ ਸੰਬੰਧਾਂ ਨੂੰ ਸਮਝੇ ਬਿਨਾ ਏ.ਆਈ ਨੂੰ ਸਮਝਿਆ ਨਹੀਂ ਜਾ ਸਕਦਾ ਹੈ।ਏ.ਆਈ ਨੇ ਖੋਜ਼-ਵਿਧੀ ਦੇ ਢਾਂਚੇ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਕਾਲਜ ਮੈਗਜ਼ੀਨ ਦਰਬਾਰ ਅਤੇ ਸੰਵਾਦ ਦਾ 23ਵਾਂ ਅੰਕ (ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ੇਸ਼ ਅੰਕ) ਰੀਲੀਜ਼ ਕੀਤਾ ਗਿਆ ਅਤੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਪ੍ਰਧਾਨ ਸਵਰਨਜੀਤ ਸਿੰਘ ਸਵੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਮੰਚ ਸੰਚਾਲਨ ਕਾਨਫ਼ਰੰਸ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਨੇ ਕੀਤਾ।
ਕਾਨਫ਼ਰੰਸ ਦਾ ਪਹਿਲਾ ਅਕਾਦਮਿਕ ਸੈਸ਼ਨ ਦੁਪਹਿਰ 12.00 ਵਜੇ ਸ. ਸੁੰਦਰ ਸਿੰਘ ਮਜੀਠੀਆ ਹਾਲ ਵਿੱਚ ‘ਏ.ਆਈ. ਦੇ ਦੌਰ ਵਿੱਚ ਖੋਜ਼ ਅਤੇ ਸਿਰਜਾਣਾਤਮਕਤਾ : ਨਵੇਂ ਸੰਦ, ਤਕਨੀਕਾਂ ਅਤੇ ਖੋਜ-ਵਿਧੀਆਂ’ ਵਿਸ਼ੇ ਨਾਲ ਸੰਬੰਧਤ ਵਿਚਾਰ-ਚਰਚਾ ਨਾਲ ਸ਼ੁਰੂ ਹੋਇਆ ਜਿਸ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਕਨਵੀਨਰ ਪ੍ਰੋਫ਼ੈਸਰ ਰਵੇਲ ਸਿੰਘ ਨੇ ਕੀਤੀ। ਮੁੱਖ ਬੁਲਾਰੇ ਵਜੋਂ ਐਮ.ਡੀ.ਡਾਟਾ ਵੀਵ ਟੈਕਨਾਲੋਜੀ, ਮੁੰਬਈ ਦੇ ਵਿਦਾਂਤ ਆਹਲੂਵਾਲੀਆ, ਮੁਖੀ ਏ.ਆਈ. ਐਨਟਾਇਰ ਸਲਿਊਸ਼ਨਜ਼ ਅਜੀਤਪਾਲ ਬਰਾੜ ਅਤੇ ਡਾਇਰੈਕਟਰ ਇੰਟਰਨੈਸ਼ਨਲ ਅਫੇਅਰਜ਼ ਤੇ ਪ੍ਰੋਫ਼ੈਸਰ ਮੈਨੇਜਮੈਂਟ, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਤ ਯੂਨੀਵਰਸਿਟੀ ਨਵੀਂ ਦਿੱਲੀ ਦੇ ਗਗਨਦੀਪ ਸ਼ਰਮਾ ਨੇ ਮੁੱਖ ਬੁਲਾਰਿਆਂ ਵਜੋਂ ਪੈਨਲ ਚਰਚਾ ਵਿੱਚ ਹਿੱਸਾ ਲਿਆ।
ਵਾਤਾਵਰਨ ਦੀ ਸੁੰਦਰਤਾ ਨੂੰ ਬਰਕਰਾਰ ਰੱਖਦਿਆਂ ਕਾਲਜ ਵਿੱਚ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ।ਦੁਪਹਿਰ ਤੋਂ ਬਾਅਦ ਕਾਨਫ਼ਰੰਸ ਦਾ ਦੂਜਾ ਅਕਾਦਮਿਕ ਸੈਸ਼ਨ ‘ਸਮਾਜ ਵਿਗਿਆਨ ਖੋਜ਼ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ਤਹਿਤ ਸ਼ੁਰੂ ਹੋਇਆ ਜਿਸ ਦੀ ਪ੍ਰਧਾਨਗੀ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋ. ਡਾ. ਕੁਲਦੀਪ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਦਿਓਲ ਅਤੇ ਚੰਡੀਗੜ੍ਹ ਦੇ ਸੀ.ਆਰ.ਆਰ.ਆਈ.ਡੀ ਡਾ. ਜਤਿੰਦਰ ਸਿੰਘ ਆਪਣੇ ਵਿਚਾਰ ਪੇਸ਼ ਕੀਤੇ।
ਸਮਾਨਾਂਤਰ ਸੈਸ਼ਨ ਦੇ ਚੱਲਦਿਆਂ ‘ਭੌਤਿਕ ਵਿਗਿਆਨ ਵਿੱਚ ਖੋਜ਼ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ ਜਿਸਦੀ ਪ੍ਰਧਾਨਗੀ ਅੰਮ੍ਰਿਤਸਰ ਦੇ ਡਾਇਰੈਕਟਰ ਐਸ.ਆਈ.ਈ.ਟੀ ਪ੍ਰੋ. ਆਰ.ਕੇ ਬੇਦੀ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਯੂਨੀਵਰਸਿਟੀ ਦੇ ਡਾ. ਅਨੁਪਿੰਦਰ ਸਿੰਘ, ਭਾਭਾ ਐਟੋਮਿਕ ਰਿਸਰਚ ਸੈਂਟਰ, ਮੁੰਬਈ ਦੇ ਸਾਬਕਾ ਵਿਗਿਆਨਕ ਅਧਿਕਾਰੀ, ਡਾ. ਸਰਬਜੀਤ ਸਿੰਘ ਅਤੇ ਸਥਾਨਕ ਹਿੰਦੂ ਕਾਲਜ ਦੇ ਰਜਿਸਟਰਾਰ ਡਾ. ਵਿਜੇ ਕੁਮਾਰ ਆਪਣੇ ਵਿਚਾਰ ਪੇਸ਼ ਕੀਤੇ।
‘ਮੰਦਰਾਂ ਦੇ ਫੁੱਲਾਂ ਦੇ ਕਚਰੇ ਨੂੰ ਕੀਮਤੀ ਉਤਪਾਦਾਂ ਵਿੱਚ ਬਦਲਣਾ’ ਵਿਸ਼ੇ ਤਹਿਤ ਕਰਵਾਏ ਗਏ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਇਲੈਕਟਰਾਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋ. ਰਵਿਦਰ ਕੁਮਾਰ ਨੇ ਕੀਤੀ ਵਿਸ਼ੇਸ਼ ਮਹਿਮਾਨ ਵਜੋਂ ਯੂਨੀਵਰਸਿਟੀ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਵਿਸ਼ਾ ਮਾਹਿਰ ਵਜੋਂ ਐਨ.ਜੀ.ਓ ਇਕੋ-ਅਵੇਕਨ ਫ਼ਾਊਡੇਸ਼ਨ ਅੰਮ੍ਰਿਤਸਰ ਦੇ ਡਾ. ਰਾਜਨ ਸ਼ਰਮਾ ਅਤੇ ਯੂਨੀਵਰਸਿਟੀ ਦੇ ਡਾਇਟੀਸ਼ੀਅਨ ਐਂਡ ਨਿਊਟੀਸ਼ੀਨ ਐਗਰੀਕਲਚਰ ਵਿਭਾਗ ਦੇ ਮਿਸਿਜ਼ ਮਿੰਨੀ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਸਾਹਿਤਕ ਸ਼ਾਮ ਸਮਾਗਮ ਦੇ ਅੰਤਰਗਤ ਕਾਲਜ ਦੇ ਓਪਨ ਏਅਰ ਥਿਏਟਰ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ ਮੁਸ਼ਾਇਰਾ ‘ਸ਼ਾਮ-ਏ-ਸੁਖਨ’ ਕਰਵਾਇਆ, ਜਿਸ ਦੀ ਪ੍ਰਧਾਨਗੀ ਸਾਹਿਤਯ ਅਕੈਡਮੀ ਦਿੱਲੀ ਦੇ ਪ੍ਰਧਾਨ ਮਾਧਵ ਕੌਸ਼ਕ ਨੇ ਕੀਤੀ।ਇਸ ਸਮਾਗਮ ਵਿੱਚ ਨਾਮਵਰ ਉਰਦੂ ਸ਼ਾਇਰ ਵਸੀਮ ਬਰੇਲਵੀ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਾਮਵਰ ਪੰਜਾਬੀ ਗਾਇਕ ਤੇ ਸ਼ਾਇਰ ਡਾ. ਸਤਿੰਦਰ ਸਰਤਾਜ ਉਚੇਚੇ ਤੌਰ ’ਤੇ ਸ਼ਮਿਲ ਹੋਏ।ਇਸ ਸੈਸ਼ਨ ਦੀ ਪ੍ਰਧਾਨਗੀ ਸਾਹਿਤ ਅਕੈਡਮੀ ਦਿੱਲੀ ਦੇ ਪ੍ਰਧਾਨ ਮਾਧਵ ਕੌਸ਼ਕ ਕਰਨਗੇ। ਪੰਜਾਬੀ, ਉਰਦੂ ਅਤੇ ਹਿੰਦੀ ਭਾਸ਼ਾ ਦੇ ਨਾਮਵਾਰ ਕਵੀ ਅਤੇ ਕਵਿਤਰੀਆਂ ਵਿੱਚੋਂ ਸੁਖਵਿੰਦਰ ਅੰਮ੍ਰਿਤ, ਖੁਸ਼ਬੀਰ ਸਿੰਘ ਸ਼ਾਦ, ਪ੍ਰੋ. ਰਾਜੇਸ਼ ਮੋਹਨ, ਤਰਲੋਚਨ ਲੋਚੀ, ਮੁਕੇਸ਼ ਆਲਮ, ਜਤਿੰਦਰ ਸ੍ਰੀਵਾਸਤਵ ਅਤੇ ਅਜੀਤ ਪਾਲ ਨੇ ਆਪਣੇ ਕਲਾਮ ਰਾਹੀਂ ਮਹਿਫਲ ਦਾ ਰੰਗ ਬੰਨਿਆ।
ਮੰਚ ਸੰਚਾਲਕ ਵਜੋਂ ਸਵਾਮੀ ਅੰਤਰੀਵ ਨੀਰਵ ਆਪਣੀ ਬਿਹਤਰੀਨ ਭੂਮਿਕਾ ਨਿਭਾਈ।ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Check Also

ਸੂਬੇ ਭਰ ਵਿੱਚ 2.89 ਲੱਖ ਤੋਂ ਵੱਧ ਮਾਵਾਂ ਨੂੰ ਮਿਲੀ ਆਰਥਿਕ ਰਾਹਤ – ਗੁਰਪ੍ਰਤਾਪ ਸਿੰਘ ਸੰਧੂ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਇਸਤਰੀਆਂ ਦੀ ਭਲਾਈ ਅਤੇ ਸਸ਼ਕਤੀਕਰਨ ਆਮ ਆਦਮੀ ਪਾਰਟੀ ਦੀ …