ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਇਥੇ `ਸਰਦਾਰਨੀ ਬਲਬੀਰ ਕੌਰ
ਬਰਾੜ ਯਾਦਗਾਰੀ ਭਾਸ਼ਣ` ਲੜੀ ਤਹਿਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਦਾ ਮੁੱਖ ਵਿਸ਼ਾ `ਏ.ਆਈ ਦੇ ਯੁੱਗ ਵਿੱਚ ਸਮੂਹਿਕ ਸਿਰਜਣਾ ਦੇ ਅਮਲ ਦੀ ਪੁਨਰ-ਸਿਰਜਣਾ’ ਸੀ।ਸਮਾਗਮ ਦੀ ਸਰਪ੍ਰਸਤੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਵੱਲੋਂ ਕੀਤੀ ਗਈ।ਜਦਕਿ ਪ੍ਰਧਾਨਗੀ ਡੀਨ ਵਿਦਿਆਰਥੀ ਭਲਾਈ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. (ਡਾ.) ਸਤਨਾਮ ਸਿੰਘ ਦਿਓਲ ਨੇ ਕੀਤੀ।ਆਰੰਭ ਵਿੱਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਅਤੇ ਪ੍ਰੋਗਰਾਮ ਦੇ ਕਨਵੀਨਰ ਪ੍ਰੋ. (ਡਾ.) ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਪੌਦੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਅਤੇ ਇਸ ਯਾਦਗਾਰੀ ਭਾਸ਼ਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਹਨਾਂ ਕਿਹਾ ਕਿ ਸਰਦਾਰਨੀ ਬਲਬੀਰ ਕੌਰ ਬਰਾੜ ਅਤੇ ਉਹਨਾਂ ਦੇ ਪਤੀ ਗੋਪਾਲ ਸਿੰਘ ਬਰਾੜ ਮਾਝੇ ਦੇ ਖੇਤਰ ਨਾਲ ਸਬੰਧਤ ਅਜਿਹੀਆਂ ਮਹੱਤਵਪੂਰਨ ਸਖ਼ਸ਼ੀਅਤਾਂ ਸਨ, ਜਿੰਨ੍ਹਾਂ ਨੇ ਅਕਾਦਮਿਕ ਸੰਵਾਦ ਦੀ ਪਰੰਪਰਾ ਨੂੰ ਕਾਇਮ ਰੱਖਿਆ।ਉਹਨਾਂ ਨੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਡਾ. ਰਣਜੀਤ ਸਿੰਘ ਬਾਜਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਵੀ ਦਿੱਤੀ।ਪ੍ਰੋ. (ਡਾ.) ਸਤਨਾਮ ਸਿੰਘ ਦਿਓਲ ਨੇ ਪ੍ਰਧਾਨਗੀ ਭਾਸ਼ਣ ਵਿੱਚ ਅਕਾਦਮਿਕ ਖੇਤਰ ‘ਚ ਨਵੀਨਤਮ ਤਕਨਾਲੋਜੀ ਦੇ ਸਮਾਜਿਕ ਅਤੇ ਨੈਤਿਕ ਪਹਿਲੂਆਂ `ਤੇ ਜ਼ੋਰ ਦਿੱਤਾ।ਉਹਨਾਂ ਕਿਹਾ ਕਿ ਏ.ਆਈ ਪ੍ਰਤੀ ਇਕਹਿਰੀ ਪਹੁੰਚ ਖ਼ਤਰਨਾਕ ਸਾਬਤ ਹੋ ਸਕਦੀ ਹੈ।ਸਮਾਗਮ ਦੇ ਮੁੱਖ ਵਕਤਾ ਪ੍ਰਸਿੱਧ ਚਿੰਤਕ ਅਤੇ ਆਲੋਚਕ ਅਮਰਜੀਤ ਸਿੰਘ ਗਰੇਵਾਲ ਸਨ।ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਨੁੱਖੀ ਸਿਰਜਣਾਤਮਕਤਾ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਏ.ਆਈ ਨਾਲ ਸੰਬਧਿਤ ਸਭ ਤੋਂ ਵੱਡੀ ਚੁਣੌਤੀ ਮੌਲਿਕਤਾ ਦੇ ਦਾਅਵੇ ਨਾਲ ਤਾਅਲੁੱਕ ਰੱਖਦੀ ਹੈ।ਇਸੇ ਤਰ੍ਹਾਂ ਗਤੀ ਦੀ ਤੀਬਰਤਾ ਇਸ ਦੀ ਵੱਡੀ ਖ਼ਾਸੀਅਤ ਹੈ।ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਕਵੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਜਸਵੰਤ ਜ਼ਫ਼ਰ ਨੇ ਕਿਹਾ ਕਿ ਏ.ਆਈ ਆਧੁਨਿਕ ਦੌਰ ਦੇ ਦੰਭ ਅਤੇ ਪਾਖੰਡ ਨੂੰ ਨਸ਼ਰ ਕਰਨ ਵਿੱਚ ਅਹਿਮ ਭੂਮਿਕਾ ਰਹੇਗੀ।ਇਸ ਉਪਰੰਤ ਡਾ. ਸਵਰਨਜੀਤ ਸਵੀ (ਚੇਅਰਮੈਨ, ਕਲਾ ਪ੍ਰੀਸ਼ਦ ਪੰਜਾਬ) ਨੇ ਕਿਹਾ ਕਿ ਜਿੱਥੇ ਏ.ਆਈ ਵਿਕਾਸ ਦੇ ਨਵੇਂ ਰਾਹ ਖੋਲ੍ਹਦੀ ਹੈ, ਉਥੇ ਹੀ ਇਹ ਡਾਟਾ ਨਿਜਮੂਲਕਤਾ, ਰੁਜ਼ਗਾਰ ਦੇ ਬਦਲਦੇ ਸਰੂਪ ਅਤੇ ਨੈਤਿਕ ਜਿੰਮੇਵਾਰੀ ਵਰਗੀਆਂ ਗੰਭੀਰ ਅਕਾਦਮਿਕ ਚਰਚਾਵਾਂ ਨੂੰ ਵੀ ਜਨਮ ਦਿੰਦੀ ਹੈ।ਡਾ. ਜਸਵੰਤ ਜ਼ਫ਼ਰ ਅਤੇ ਡਾ. ਸਵਰਨਜੀਤ ਸਵੀ ਦੀਆਂ ਕਵਿਤਾਵਾਂ ਨੇ ਸਰੋਤਿਆਂ ਦਾ ਮਨ ਮੋਹ ਲਿਆ।ਅੰਤ ਵਿੱਚ ਡਾ. ਮੇਘਾ ਸਲਵਾਨ (ਅਸਿਸਟੈਂਟ ਪ੍ਰੋਫ਼ੈਸਰ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ (ਅਸਿਸਟੈਂਟ ਪ੍ਰੋਫ਼ੈਸਰ) ਵੱਲੋਂ ਕੀਤਾ ਗਿਆ।
ਇਸ ਮੌਕੇ ਡਾ. ਸੁਖਦਰਸ਼ਨ ਸਿੰਘ ਚਾਹਲ, ਡਾ. ਬਲਬੀਰ ਸਿੰਘ, ਡਾ. ਬਲਜੀਤ ਕੌਰ ਰਿਆੜ, ਡਾ. ਸਿਮਰਨਜੀਤ ਸਿੰਘ, ਡਾ. ਸੁਨੀਲ ਕੁਮਾਰ (ਮੁਖੀ ਹਿੰਦੀ ਵਿਭਾਗ), ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ, ਪ੍ਰਵੀਨ ਪੁਰੀ (ਡਾਇਰੈਕਟਰ ਲੋਕ ਸੰਪਰਕ ਵਿਭਾਗ), ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ ਅਤੇ ਡਾ. ਚੰਦਨਪ੍ਰੀਤ ਸਿੰਘ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
Check Also
ਪੰਜਾਬ ਸਰਕਾਰ ਦੇ ਸ਼ਾਨਦਾਰ ਚਾਰ ਸਾਲ ਪੂਰੇ ਹੋਣ ‘ਤੇ ਕੈਬਨਿਟ ਮੰਤਰੀ ਈ.ਟੀ.ਓ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ) – ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਲੋਕ …
Punjab Post Daily Online Newspaper & Print Media