ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੱਡੇ ਪੱਧਰ ’ਤੇ ਜਨਤਕ ਸਿਹਤ ਸੰਭਾਲ ਪ੍ਰਦਾਨ ਕਰਕੇ ਇੱਕ ਮਾਪਦੰਡ ਸਥਾਪਤ ਕੀਤਾ ਹੈ।8 ਜਨਵਰੀ 2026 ਤੋਂ ਇਸ ਯੋਜਨਾ ਦੀ ਸ਼ੁਰੂਆਤ ਤੋਂ ਤਿੰਨ ਮਹੀਨਿਆਂ ਦੇ ਅੰਦਰ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਰਜਿਸਟਰ ਕਰਕੇ ਅਤੇ 292 ਕਰੋੜ ਰੁਪਏ ਦੇ ਮੁਫ਼ਤ ਇਲਾਜ਼ ਨੂੰ ਮਨਜ਼ੂਰੀ ਦਿੱਤੀ ਹੈ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਨੇ ਕਿਹਾ ਕਿ ਇਹ ਯੋਜਨਾ ਤੇਜ਼ੀ ਨਾਲ ਪੰਜਾਬ ਭਰ ਦੇ ਲੱਖਾਂ ਪਰਿਵਾਰਾਂ ਲਈ ਅਸਲ ਵਿੱਤੀ ਰਾਹਤ ਅਤੇ ਸਿਹਤ ਸੰਭਾਲ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹੁਣ ਤੱਕ 30,51,325 ਲਾਭਪਾਤਰੀ ਰਜਿਸਟਰ ਹੋਏ ਹਨ ਅਤੇ ਇਲਾਜ ਲਈ 1,77,097 ਮੁਫ਼ਤ ਇਲਾਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।ਜਿਸ ਦੀ ਕੁੱਲ ਪ੍ਰਵਾਨਿਤ ਲਾਗਤ 292 ਕਰੋੜ ਰੁਪਏ ਹੈ।ਇਸ ਵਿੱਚੋਂ 267 ਕਰੋੜ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ ਅਤੇ 71000 ਦਾਅਵਿਆਂ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਸੂਚੀਬੱਧ ਹਸਪਤਾਲਾਂ ਨੂੰ 60 ਕਰੋੜ ਦਿੱਤੇ ਗਏ ਹਨ।
ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸੇ ਵੀ ਮਾਪਦੰਡ, ਰਜਿਸਟ੍ਰੇਸ਼ਨ, ਕਵਰ ਕੀਤੇ ਗਏ ਪਰਿਵਾਰਾਂ ਜਾਂ ਇਲਾਜ਼ ਕੀਤੇ ਗਏ ਮਰੀਜ਼ਾਂ ਦੇ ਮਾਮਲੇ ਵਿੱਚ ਪੰਜਾਬ ਪਹਿਲੇ ਸਥਾਨ ’ਤੇ ਹੈ।ਉਨ੍ਹਾਂ ਦੱਸਿਆ ਕਿ 31 ਮਾਰਚ ਤੱਕ ਦੇ ਸਾਰੇ ਬਕਾਏ 15 ਅਪ੍ਰੈਲ ਤੱਕ ਕਲੀਅਰ ਕਰ ਦਿੱਤੇ ਜਾਣਗੇ, ਜਿਸ ਨਾਲ ਕਿਸੇ ਵੀ ਹਸਪਤਾਲ ਦਾ ਇੱਕ ਵੀ ਰੁਪਿਆ ਬਕਾਇਆ ਨਹੀਂ ਰਹੇਗਾ।
ਉਨ੍ਹਾਂ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਭੁਗਤਾਨ ਢਾਂਚੇ ਦੀ ਰੂਪਰੇਖਾ ਬਾਰੇ ਦੱਸਦਿਆਂ ਕਿਹਾ ਕਿ 1 ਲੱਖ ਰੁਪਏ ਤੱਕ ਦੇ ਦਾਅਵਿਆਂ ਦਾ ਨਿਪਟਾਰਾ 15 ਦਿਨਾਂ ਦੇ ਅੰਦਰ ਕੀਤਾ ਜਾਵੇਗਾ, ਜਦੋਂਕਿ 1 ਲੱਖ ਰੁਪਏ ਤੋਂ ਵੱਧ ਦੇ ਬਿੱਲ ਜਮ੍ਹਾਂ ਕਰਨ ਦੇ ਇੱਕ ਹਫ਼ਤੇ ਦੇ ਅੰਦਰ ਕਲੀਅਰ ਕਰ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਵਿਵਾਦਾਂ ਜਾਂ ਤਸਦੀਕ ਦੀ ਲੋੜ ਵਾਲੇ ਮਾਮਲਿਆਂ ਇਹ ਪ੍ਰਕਿਰਿਆ ਇੱਕ ਮਹੀਨੇ ਦੇ ਅੰਦਰ ਪੂਰੀ ਕਰ ਲਈ ਜਾਵੇਗੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲੂਮਨੀ ਜਸਪ੍ਰੀਤ ਸਿੰਘ ਨੂੰ ਮਿਲਿਆ ਬਰਜ ਗਲੋਬਲ ਪਾਵਰ 100 ਐਵਾਰਡ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲੂੂਨੀ ਜਸਪ੍ਰੀਤ ਸਿੰਘ, …
Punjab Post Daily Online Newspaper & Print Media