Tuesday, March 31, 2026

26ਵਾਂ ਰਾਸ਼ਟਰੀ ਰੰਗਮੰਚ ਉਤਸਵ 2026 ਸੰਪਨ

ਅੰਮ੍ਰਿਤਸਰ, 31 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮਿ੍ਰਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ (ਭਾਰਤ ਸਰਕਾਰ), ਭਾਸ਼ਾ ਵਿਭਾਗ ਪੰਜਾਬ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਸਵ: ਜਤਿੰਦਰ ਬਰਾੜ ਦੀ ਯਾਦ ਵਿੱਚ 21 ਤੋਂ 30 ਮਾਰਚ ਤੱਕ ਚੱਲਣ ਵਾਲੇ 26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਆਖਰੀ ਤੇ 10ਵੇਂ ਦਿਨ ਅਨੂਸ਼ਠਾਨ ਸਨਕ੍ਰਿਤਕ ਸੰਸਥਾਨ ਮੁੰਬਈ ਟੀਮ ਵੱਲੋਂ ਵਿਜੇ ਪੰਡਿਤ ਦੁਆਰਾ ਲਿਖਿਆ ਅਤੇ ਡੀ.ਆਰ ਅਕੰੁਰ ਦਾ ਨਿਰਦੇਸ਼ਤ ਕੀਤਾ ਨਾਟਕ ‘ਜੋਗੀਆ ਰਾਗ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਵਿਜੇ ਪੰਡਿਤ ਦੁਆਰਾ ਲਿਖੀ ਗਈ ਕਹਾਣੀ ‘ਜੋਗੀਆ ਰਾਗ’, ਅਸਲ ਵਿੱਚ ਸਾਵਿਤਰੀ ਦੀ ਕਹਾਣੀ ਹੈ।ਇੱਕ ਪਿੰਡ ਦੀ ਕੁੜੀ ਜਿਸ ਨੂੰ ਲੋਕ ਸਾਵਿਤਰੀ ਕਹਿੰਦੇ ਹਨ।ਸਾਵਿਤਰੀ ਦਾ ਵਿਆਹ ਬਾਲਮੁਕੁੰਦ ਨਾਲ ਹੁੰਦਾ ਹੈ, ਜੋ ਕਿ ਇੱਕ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ ਇੱਕ ਸੰਸਕ੍ਰਿਤ ਵਿਦਵਾਨ ਹੈ।ਸਾਵਿਤਰੀ ਆਪਣੇ ਸਹੁਰੇ ਘਰ ਇੱਕ ਉਜਵਲ ਭਵਿੱਖ ਦੇ ਸੁਪਨੇ ਲੈ ਕੇ ਪਹੁੰਚਦੀ ਹੈ, ਪਰ ਉਨ੍ਹਾਂ ਦੇ ਵਿਆਹ ਦੀ ਰਾਤ ਨੂੰ ਹੀ, ਬਾਲਮੁਕੁੰਦ ਸਾਵਿਤਰੀ ਨੂੰ ਦੱਸਦਾ ਹੈ ਕਿ ਉਸਨੂੰ ਪਰਿਵਾਰਕ ਜੀਵਨ ਪਸੰਦ ਨਹੀਂ ਹੈ ਅਤੇ ਉਸਦੀ ਕੁੰਡਲੀ ਵਿੱਚ ਤਿਆਗ ਦਾ ਯੋਗ ਹੈ।ਜਦੋਂ ਸਾਵਿਤਰੀ ਉਸ ਰਾਤ ਸੌਂ ਜਾਂਦੀ ਹੈ, ਤਾਂ ਉਹ ਉਸਨੂੰ ਦੱਸੇ ਬਿਨਾਂ ਘਰ ਛੱਡ ਦਿੰਦਾ ਹੈ ਅਤੇ ਯੋਗੀ ਬਣ ਜਾਂਦਾ ਹੈ।ਘਰ ਵਿੱਚ ਸਿਰਫ਼ ਸਾਵਿਤਰੀ ਅਤੇ ਉਸ ਦਾ ਬਜ਼ੁਰਗ ਸਹੁਰਾ ਹੀ ਰਹਿ ਜਾਂਦੇ ਹਨ।ਸਾਵਿਤਰੀ ਕਈ ਸਾਲ ਮੁਕੁੰਦ ਦੀ ਉਡੀਕ ਵਿੱਚ ਬਿਤਾਉਂਦੀ ਹੈ। ਮੁਕੁੰਦ ਵਾਪਸ ਨਹੀਂ ਆਉਂਦਾ, ਪਰ ਸਾਵਿਤਰੀ ਉਮੀਦ ਛੱਡਣ ਤੋਂ ਇਨਕਾਰ ਕਰ ਦਿੰਦੀ ਹੈ।ਇਸ ਦੌਰਾਨ, ਪਿੰਡ ਵਾਲੇ ਉਸਨੂੰ ਦੱਸਦੇ ਹਨ ਕਿ ਮੁਕੁੰਦ ਕਦੇ ਵਾਪਸ ਨਹੀਂ ਆਵੇਗਾ ਅਤੇ ਬਹੁਤ ਸਾਰੇ ਉਸਨੂੰ ਭੁੱਲਣ ਦੀ ਤਾਕੀਦ ਕਰਦੇ ਹਨ।ਕੁੱਝ ਤਾਂ ਗੁਪਤ ਰੂਪ ਵਿੱਚ ਉਸ ਨਾਲ ਅਨੈਤਿਕ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਨ।ਪਰ ਸਾਵਿਤਰੀ ਉਨ੍ਹਾਂ ਸਾਰਿਆਂ ਨੂੰ ਝਿੜਕਦੀ ਹੈ।
ਇਸ ਮੌਕੇ ਕੇਵਲ ਧਾਲੀਵਾਲ, ਹਰਿਭਜਨ ਸਿੰਘ ਭਾਟੀਆ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਦੇਵ ਸਿੰਘ ਮਹਿਲਾਵਾਲਾ, ਭੁਪਿੰਦਰ ਸਿੰਘ ਸੰਧੂ, ਸੁਮੀਤ ਸਿੰਘ ਸਮੇਤ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।

 

Check Also

ਸਾਹਿਤਕਾਰ ਜਗਮੋਹਨ ਸਿੰਘ ਲੱਕੀ ਦਾ ਸਨਮਾਨ

ਪਟਿਆਲਾ, 31 ਮਾਰਚ (ਪੰਜਾਬ ਪੋਸਟ) – ਭਾਰਤ ਦੀਆਂ ਪੁਰਾਤਨ ਰਿਆਸਤਾਂ ਦਾ ਇਤਿਹਾਸ ਲਿਖ ਚੁੱਕੇ ਪ੍ਰਸਿੱਧ …