ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਸੱਭਿਆਚਾਰ ਨੂੰ ਪ੍ਰਫੁਲਿਕਰਨ ਲਈ ਰਾਜ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ 3000 ਖੇਡ ਸਟੇਡੀਅਮ ਅਤੇ ਖੇਡ ਮੈਦਾਨ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ।
ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸਿੱਧ ਨਗਰ ਲੋਪੋਕੇ ਵਿਖੇ ਕਨੇਡਾ ਦੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਟੇਡੀਅਮ ਵਿਖੇ ਕਰਵਾਏ ਗਏ ਪਹਿਲੇ ਕਬੱਡੀ ਕੱਪ ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਰਕਾਰ ਦੇ ਇਸ ਉਪਰਾਲੇ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਪੰਜਾਬ ਦੇ ਨੌਜਵਾਨ ਇੱਕ ਵਾਰ ਫਿਰ ਕੌਮੀ ਤੇ ਕੌਮਾਂਤਰੀ ਪੱਧਰ `ਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਬਜ਼ਟ ਵਿੱਚ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਬਜ਼ਟ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਰਕਾਰ ਨੂੰ ਨਸ਼ਾ ਤਸਕਰਾਂ ਵਿਰੁੱਧ ਭਾਰੀ ਸਫਲਤਾ ਮਿਲੀ ਹੈ ਅਤੇ ਵੱਡੇ-ਵੱਡੇ ਤਸਕਰਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਹੈ।
ਉਨ੍ਹਾਂ ਖਿਡਾਰੀਆਂ ਨੂੰ ਖੇਡ ਕਿੱਟਾਂ ਦੀ ਵੰਡ ਵੀ ਕੀਤੀ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜ਼ਾਂ ਉਪਰ 50 ਕਰੋੜ ਰੁਪਏ ਖਰਚੇ ਜਾਣਗੇ।ਪਿੰਡ ਲੋਪੋਕੇ ਇੱਕ ਇਤਿਹਾਸਕ ਪਿੰਡ ਹੈ ਅਤੇ ਇਸ ਦੇ ਵਿਕਾਸ ਉਪਰ ਵੀ 20 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੀ ਇੰਚਾਰਜ਼ ਮੈਡਮ ਸੋਨੀਆ ਨੇ ਕਿਹਾ ਕਿ ਪਿੰਡ ਲੋਪੋਕੇ ਦੇ ਵਸਨੀਕ ਰਹੇ ਕਨੇਡਾ ਦੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਉਹ ਮਹਾਨ ਇਨਸਾਨ ਸਨ, ਜਿਨ੍ਹਾਂ ਨੇ ਆਪਣੇ ਦੇਸ਼-ਕੌਮ ਖਾਤਰ ਸ਼ਹਾਦਤ ਦਾ ਜ਼ਾਮ ਪੀਤਾ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੇਸ਼ਮ ਵੜੈਚ, ਸਾਬਕਾ ਸਰਪੰਚ ਅਮਰਦੀਪ ਸਿੰਘ, ਚੇਅਰਮੈਨ ਪਰਮਜੀਤ ਸਿੰਘ, ਬਲਜੀਤ ਸਿੰਘ ਸੈਦਪੁਰ, ਗੁਰਜੀਤ ਸਿੰਘ ਵਾਈਸ ਪ੍ਰਧਾਨ ਰਾਮ ਸਿੰਘ ਚੋਗਾਵਾਂ, ਕਬੱਡੀ ਕੋਚ ਰਾਮ ਸਿੰਘ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਹਤਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਦਾ ਲਿਆ ਜਾਇਜ਼ਾ
ਅੰਮ੍ਰਿਤਸਰ 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚੱਲ …
Punjab Post Daily Online Newspaper & Print Media