ਰਾਕਟਬਾਲ ਖੇਡ ਦਾ ਦਾਇਰਾ ਰਾਸ਼ਟਰੀ ਪੱਧਰ ‘ਤੇ ਹੋਇਆ ਵਿਸ਼ਾਲ- ਪ੍ਰਿੰ. ਬਲਵਿੰਦਰ ਸਿੰਘ

ਅੰਮ੍ਰਿਤਸਰ, 16 ਜਨਵਰੀ ( ਗੁਰਪ੍ਰੀਤ ਸਿੰਘ) – ਆਲ ਇੰਡੀਆ ਰਾਕਟਬਾਲ ਐਸੋਸ਼ੀਏਸ਼ਨ ਆਫ਼ ਇੰਡੀਆਂ ਦੇ ਰਾਸ਼ਟਰੀ ਪ੍ਰਧਾਨ ਐਸਪੀ ਹੈਡਕੁਆਟਰ ਫਿਰੋਜ਼ਪੁਰ ਲਖਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਚਾਰ ਦਿਨਾਂ ਰਾਸ਼ਟਰ ਪੱਧਰੀ ਦੂਸਰੀ ਆਲ ਇੰਡੀਆਂ ਰਾਕਟਬਾਲ ਚੈਂਪੀਅਨਸ਼ਿਪ ਦੇ ਦੌਰਾਨ ਅੰਮ੍ਰਿਤਸਰ ਦੇ ਕੁੜੀਆਂ ਮੁੰਡਿਆਂ ਦੀ ਝੰਡੀ ਰਹੀ। ਇਨ੍ਹਾਂ ਖਿਡਾਰੀਆਂ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤੇ ਜਾਣ ਤੋਨ ਬਾਅਦ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦੇ ਦੌਰਾਨ ਐਸੋਸ਼ੀਏਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਤੇ ਜਿਲ੍ਹਾ ਪ੍ਰਧਾਨ ਰਾਸ਼ਟਰੀ ਬਾਕਸਿੰਗ ਖਿਡਾਰੀ ਐੱਸਐੱਚਓ ਇੰਸਪੈਕਟਰ ਯੋਗਾ ਸਿੰਘ ਤੇ ਹੋਰਨਾਂ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕਰਦਿਆਂ ਕਿਹਾ ਕਿ ਖਿਡਾਰੀਆਂ ਦੀ ਰਾਸ਼ਟਰੀ ਪੱਧਰ ਤੇ ਕਾਰਗੁਜ਼ਾਰੀ ਬੇਮਿਸਾਲ ਰਹੀ ਹੈ ਇਸ ਲਈ ਇਨ੍ਹਾਂ ਦਾ ਮਾਣ ਸਨਮਾਨ ਕਰਨਾ ਜਿਲ੍ਹਾ ਇਕਾਈ ਦਾ ਫਰਜ਼ ਬਣਦਾ ਹੈ ਤਾਂ ਜੋ ਆਉਣ ਵਾਲੀਆਂ ਖੇਡ ਪ੍ਰਤੀਯੋਗਤਾਵਾਂ ਦੇ ਦੌਰਾਨ ਇਹ ਖਿਡਾਰੀ ਹੋਰ ਵੀ ਬੇਹਤਰ ਪ੍ਰਦਰਸ਼ਨ ਕਰਨ।ਉਨ੍ਹਾਂ ਕਿਹਾ ਕਿ ਰਾਕਟਬਾਲ ਖੇਡ ਦਾ ਦਾਇਰਾ ਰਾਸ਼ਟਰੀ ਪੱਧਰ ਤੇ ਹੋਰ ਵੀ ਵਿਸ਼ਾਲ ਹੁੰਦਾ ਜਾ ਰਿਹਾ ਹੈ ਜੋ ਕਿ ਖੇਡ ਖੇਤਰ ਦੇ ਲਈ ਇਕ ਚੰਗਾ ਸੁਨੇਹਾ ਹੈ।
ਇਸ ਮੌਕੇ ਐਸੋਸ਼ੀਏਸ਼ਨ ਦੇ ਤਕਨੀਕੀ ਸੈਕਟਰੀ ਜੀ.ਐਸ. ਭੱਲਾ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਏ ਰਾਸ਼ਟਰੀ ਪੱਧਰ ਦੇ ਰਾਕਟਬਾਲ ਮੁਕਾਬਲਿਆਂ ਦੇ ਦੌਰਾਨ ਜਿਲ੍ਹੇ ਦੀਆਂ ਅੰਡਰ-14 ਸਾਲ ਉਮਰ ਵਰਗ ਦੀਆਂ ਖਿਡਾਰਨਾਂ ਮੋਹਰੀ ਰਹਿ ਕੇ ਰਾਸ਼ਟਰੀ ਚੈਂਪੀਅਨ ਬਣੀਆਂ ਹਨ ਜਦੋਂ ਕਿ ਅੰਡਰ-19 ਸਾਲ ਉਮਰ ਵਰਗ ਵਿੱਚ ਲੜਕੀਆਂ ਨੂੰ ਕੌਮੀ ਪੱਧਰ ਤੇ ਤੀਸਰਾ ਸਥਾਨ ਹਾਸਲ ਹੋਇਆ ਹੈ।ਲੜਕਿਆਂ ਦੇ ਅੰਡਰ-19 ਸਾਲ ਉਮਰ ਵਰਗ ਵਿੱਚ ਲੜਕੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਰਾਸ਼ਟਰੀ ਚੈਂਪੀਅਨ ਬਣੇ ਜਦੋਂਕਿ ਅੰਡਰ-14 ਸਾਲ ਉਮਰ ਵਰਗ ਵਿੱਚ ਲੜਕਿਆਂ ਨੂੰ ਕੌਮੀ ਪੱਧਰ ਤੇ ਦੂਸਰਾ ਸਥਾਨ ਹਾਸਲ ਹੋਇਆ।ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਤੇ ਪ੍ਰਮਾਣ ਪੱਤਰ ਦੇ ਕੇ ਨਵਾਜਿਆ ਗਿਆ। ਇਸ ਮੌਕੇ ਕੋਚ ਸਤਨਾਮ ਸਿੰਘ ਸੰਧੂ, ਰੈਫਰੀ ਅਮਿਤ ਕੁਮਾਰ, ਕੋਚ ਮਿਨਾਕਸ਼ੀ, ਕੋਚ ਸਪਨਾ, ਕੋਚ ਗੀਤਾ, ਕੋਚ ਰਾਜਬੀਰ ਕੌਰ, ਕੋਚ ਕੁਲਦੀਪ ਕੌਰ ਤੇ ਗੁਰਪ੍ਰੀਤ ਸਿੰਘ ਭੱਲਾ ਆਦਿ ਹਾਜ਼ਰ ਸਨ।
Punjab Post Daily Online Newspaper & Print Media