ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ ਦੀ ਨਵੀਂ ਛਪੀ ਕਾਵਿ-ਪੁਸਤਕ ‘ਸਾਂਵਲੇ ਰੰਗ ਦੀ ਕੁੜੀ’
ਅਤੇ ਪਲੇਠੇ ਕਾਵਿ-ਸੰਗ੍ਰਹਿ ‘ਲੰਮਾ ਪੰਧ ਵਫ਼ਾ ਦਾ’ ਉਪਰ ਵਿਚਾਰ ਚਰਚਾ ਹੋਈ।ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਕਿਹਾ ਕਿ ਇਸ ਪੁਸਤਕ ਵਿੱਚਲੀਆਂ ਕਵਿਤਾਵਾਂ ਦੀ ਵਡੱਤਣ ਇਹ ਹੈ ਕਿ ਇਹ ਗਾਈਆਂ ਜਾ ਸਕਦੀਆਂ ਹਨ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਕਵਿਤਾ ਵਿੱਚੋਂ ਪਿਆਰ ਕਵਿਤਾ ਦੀ ਕੱਚੇ ਦੁਧ ਦੀ ਮਹਿਕ ਵੀ ਆਉਂਦੀ ਹੈ ਤੇ ਕੜ੍ਹੇ ਦੁਧ ਦੀ ਵੀ।ਅਰਤਿੰਦਰ ਸੰਧੂ ਨੇ ਕਿਹਾ ਕਿ ਸਰਬਜੀਤ ਸੰਧੂ ਨੇ ਅੱਲ੍ਹੜ ਉਮਰ ਤੋਂ ਹੁਣ ਤੱਕ ਮੁਹੱਬਤ ਦਾ ਦੀਵਾ ਜਗਾਈ ਰੱਖਿਆ ਹੈ।ਸ਼ਾਇਰ ਮਲਵਿੰਦਰ ਨੇ ਕਿਹਾ ਕਿ ਇਸ ਸੰਗ੍ਰਹਿ ਵਿੱਚਲੀਆਂ ਕਵਿਤਾਵਾਂ ਦਾ ਪ੍ਰੇਮ ਚਿਪਚਿਪਾ ਜਿਹਾ ਨਹੀਂ ਹੈ, ਇਹ ਗਹਿਰੇ ਅਹਿਸਾਸ ਦੀ ਕਵਿਤਾ ਦਾ ਪ੍ਰੇਮ ਹੈ।ਸਤਿੰਦਰ ਓਠੀ ਨੇ ਕਿਹਾ ਕਿ ਸ਼ਾਇਰ ਨੇ ਵਿਛੋੜੇ ਵਿੱਚ ਮੁਹੱਬਤ ਦੀ ਇਬਾਦਤ ਕਰਦਿਆਂ ਇਹਨਾਂ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ।ਜਸਵੰਤ ਧਾਪ ਨੇ ਕਿਹਾ ਕਿ ਮਹਿਸੂਸ ਹੁੰਦਾ ਹੈ ਕਿ ਕਵੀ ਅਤੇ ਪਾਠਕ ਦੇ ਦੁੱਖ ਸਾਂਝੇ ਹਨ।ਜਗਤਾਰ ਗਿੱਲ ਨੇ ਕਿਹਾ ਕਿ 6 ਦਹਾਕਿਆਂ ਦੇ ਅਨੁਭਵ ਨੂੰ ਇਹਨਾਂ ਸਰੋਦੀ ਕਵਿਤਾਵਾਂ ਵਿੱਚ ਸਾਂਭਿਆ ਹੈ । ਸ਼ੁੱਭ ਕਿਰਨ ਨੇ ਕਿਹਾ ਕਿ ਕਵੀ ਨੇ ਦਿਲ ਦੀਆਂ ਗਹਿਰਾਈਆਂ ‘ਚੋਂ ਨਿਕਲੇ ਭਾਵਾਂ ਨੂੰ ਪਾਠਕ ਦੇ ਦਿਲ ‘ਤੇ ਗਹਿਰੀ ਛਾਪ ਛੱਡਣ ਵਾਲੇ ਅੰਦਾਜ਼ ਵਿੱਚ ਪ੍ਰਗਟਾਇਆ ਹੈ।ਡਾ. ਕਾਬਲ ਸਿੰਘ ਨੇ ਕਿਹਾ ਕਿ ਕਵੀ ਨੇ ਪਿਆਰ ਕਬਜ਼ਾ ਨਹੀਂ ਪਛਾਣ ਹੈ, ਦੇ ਸੰਕਲਪ ਨੂੰ ਦ੍ਰਿੜਾਇਆ ਹੈ।ਬਲਜਿੰਦਰ ਮਾਂਗਟ ਨੇ ਇਸ ਕਵਿਤਾ ਵਿੱਚ ਸਹਿਜ ਸੁਭਾਅ ਆਏ ਵਜ਼ਨ ਬਹਿਰ ਦੀ ਗੱਲ ਕੀਤੀ।ਪਰਮਿੰਦਰ ਸੂਫ਼ੀ ਹੋਰਾਂ ਸੰਧੂ ਨੂੰ ਨਵੀਆਂ ਕਿਤਾਬਾਂ ਲਈ ਵਧਾਈ ਦਿੱਤੀ।ਰਾਜ ਖੁਸ਼ਵੰਤ ਸਿੰਘ ਸੰਧੂ ਨੇ ਕਿਹਾ ਕਿ ਕਵੀ ਨੇ ਆਪਣੇ ਪਿਆਰ ਬਾਰੇ ਭੇਦ ਵੀ ਸਾਂਝੇ ਕੀਤੇ ਹਨ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media