ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ) – ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਪ੍ਰੀਤ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਸਰਵਣ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸਰਵਣ ਕਰਵਾਇਆ।ਗਿਆਨੀ ਪਰਵਿੰਦਰਪਾਲ ਸਿੰਘ ਨੇ ਸੰਗਤਾਂ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਇਤਿਹਾਸ ਸਬੰਧੀ ਵਿਚਾਰਾਂ ਕੀਤੀਆਂ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਗੁਰੂ ਦਰਬਾਰ ਵਿਚ ਨਿਮਰਤਾ ਭਾਵ ਨਾਲ ਨਿਭਾਈ ਸੇਵਾ ਹਰ ਸਿੱਖ ਲਈ ਪ੍ਰੇਰਨਾਮਈ ਹੈ।ਉਨਾਂ੍ਹ ਕਿਹਾ ਕਿ ਤੀਸਰੇ ਪਾਤਸ਼ਾਹ ਵੱਲੋਂ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕਰਦਿਆਂ ਪਹਿਲਾਂ ਪੰਗਤ ਫਿਰ ਸੰਗਤ ਦਾ ਉਪਦੇਸ਼ ਦੇ ਕੇ ਜਾਤ ਪਾਤ ਦੇ ਭੇਦਭਾਵ ਨੂੰ ਖ਼ਤਮ ਕੀਤਾ।
ਇਸੇ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੇ ਸ਼ਹੀਦੀ ਦਿਹਾੜੇ ਸਬੰਧੀ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਹਰੀ ਸਿੰਘ ਨਲੂਆ ਦੇ ਇਤਿਹਾਸ ਨੂੰ ਸੰਗਤ ਨਾਲ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਿੱਖ ਰਾਜ ਦੀ ਸਥਾਪਤੀ ’ਚ ਵਿਸ਼ੇਸ਼ ਯੋਗਦਾਨ ਸੀ।ਉਨ੍ਹਾਂ ਹਰੀ ਸਿੰਘ ਨਲੂਆ ਦੇ ਜੀਵਨ ਇਤਿਹਾਸ ਤੋਂ ਸੇਧ ਲੈਣ ਦੀ ਪ੍ਰੇਰਨਾ ਵੀ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ, ਇੰਚਾਰਜ ਜਗਜੀਤ ਸਿੰਘ, ਬਲਦੇਵ ਸਿੰਘ, ਸ਼ਿਵਰਾਜ ਸਿੰਘ, ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ, ਬਿਕਰਮਜੀਤ ਸਿੰਘ ਝੰਗੀ, ਯੁਵਰਾਜ ਸਿੰਘ, ਜਸਬੀਰ ਸਿੰਘ, ਗੁਰਤਿੰਦਰਪਾਲ ਸਿੰਘ ਕਾਦੀਆਂ, ਮੀਤ ਮੈਨੇਜਰ ਅਜੈ ਸਿੰਘ ਤੇ ਹੋਰ ਮੌਜੂਦ ਸਨ।
Check Also
ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ
ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …
Punjab Post Daily Online Newspaper & Print Media