6 ਨਵੀਆਂ ਸੈਕਸ਼ਨ-ਕਮ-ਜੈਟਿੰਗ ਮਸ਼ੀਨਾਂ ਸ਼ਾਮਲ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਮਾਨਸੂਨ ਦੇ ਸੀਜ਼ਨ ਤੋਂ ਪਹਿਲਾਂ ਸ਼ਹਿਰ ਦੀ ਸੀਵਰੇਜ਼ ਪ੍ਰਣਾਲੀ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨ ਵੱਲ ਇੱਕ ਅਹਿਮ
ਕਦਮ ਪੁੱਟਦਿਆਂ ਨਗਰ ਨਿਗਮ ਅੰਮ੍ਰਿਤਸਰ ਨੇ ਅੱਜ ਆਪਣੇ ਬੇੜੇ ਵਿੱਚ 6 ਨਵੀਆਂ ਸੀਵਰ ਸੈਕਸ਼ਨ-ਕਮ-ਜੈਟਿੰਗ ਮਸ਼ੀਨਾਂ ਸ਼ਾਮਲ ਕੀਤੀਆਂ।ਮਸ਼ੀਨਾਂ ਦਾ ਰਸਮੀ ਉਦਘਾਟਨ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵੱਲੋਂ ਕੀਤਾ ਗਿਆ।ਇਨ੍ਹਾਂ 6 ਮਸ਼ੀਨਾਂ ਦੇ ਆਉਣ ਨਾਲ ਨਗਰ ਨਿਗਮ ਕੋਲ ਸੀਵਰ ਸਫਾਈ ਵਾਲੀਆਂ ਮਸ਼ੀਨਾਂ ਦੀ ਕੁੱਲ ਗਿਣਤੀ ਹੁਣ 18 ਹੋ ਗਈ ਹੈ।ਤੈਨਾਤੀ ਯੋਜਨਾ ਅਨੁਸਾਰ, ਸਥਾਨਕ ਪੱਧਰ `ਤੇ ਨਿਯਮਤ ਰੱਖ-ਰਖਾਅ ਅਤੇ ਕੁਸ਼ਲ ਸਫਾਈ ਕਾਰਜ਼ਾਂ ਲਈ ਹਰੇਕ ਹਲਕੇ ਨੂੰ ਤਿੰਨ ਮਸ਼ੀਨਾਂ ਅਲਾਟ ਕੀਤੀਆਂ ਜਾਣਗੀਆਂ।ਤਿੰਨ ਮਸ਼ੀਨਾਂ ਵਿਸ਼ੇਸ਼ ਤੌਰ `ਤੇ ਐਮਰਜੈਂਸੀ ਉਦੇਸ਼ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਤਾਂ ਜੋ ਅਚਾਨਕ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਤੇਜ਼ੀ ਨਾਲ ਨਜਿੱਠਿਆ ਜਾ ਸਕੇ।
ਮੇਅਰ ਭਾਟੀਆ ਨੇ ਸੀਵਰੇਜ਼ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਅਗਾਊਂ ਕਦਮ ਚੁੱਕਣ ਦੀ ਮਹੱਤਤਾ `ਤੇ ਜ਼ੋਰ ਦਿੱਤਾ, ਖਾਸ ਕਰਕੇ ਆਉਣ ਵਾਲੇ ਮਾਨਸੂਨ ਦੇ ਮੱਦੇਨਜ਼ਰ।ਕਮਿਸ਼ਨਰ ਸ਼ੇਰਗਿੱਲ ਨੇ ਵਚਨਬੱਧਤਾ ਦੁਹਰਾਈ ਕਿ ਇੱਕ ਮਹੀਨੇ ਦੇ ਅੰਦਰ ਸੀਵਰੇਜ਼ ਪ੍ਰਣਾਲੀ ਦੀ ਮੁਕੰਮਲ ਸਫਾਈ ਅਤੇ ਡੀ-ਸਿਲਟਿੰਗ ਦਾ ਕੰਮ ਪੂਰਾ ਕਰ ਲਿਆ ਜਾਵੇਗਾ, ਤਾਂ ਜੋ ਮੀਂਹ ਦੌਰਾਨ ਪਾਣੀ ਦੇ ਭਰਾਅ ਨੂੰ ਰੋਕਿਆ ਜਾ ਸਕੇ।
ਨਗਰ ਨਿਗਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀਵਰ ਲਾਈਨਾਂ ਅਤੇ ਡਰੇਨਾਂ ਵਿੱਚ ਠੋਸ ਕੂੜਾ ਨਾ ਸੁੱਟ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ।
Punjab Post Daily Online Newspaper & Print Media