Tuesday, May 19, 2026

ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਬੀ.ਓਪੀ. ਤੋਤਾ ਵਿਖੇ ਚਲ ਰਹੇ ਹੜ੍ਹ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ

ਕਿਹਾ, 18 ਕਰੋੜ ਰੁਪਏ ਦੀ ਲਾਗਤ ਨਾਲ 27 ਕਿਲੋਮੀਟਰ ਲੰਬੀ ਨਹਿਰ ਨੂੰ ਕੀਤਾ ਜਾਵੇਗਾ ਪੱਕਾ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਜ਼ਿਲ੍ਹਾ ਅੰਮ੍ਰਿਤਸਰ ਦੀ ਬੀ.ਓ.ਪੀ ਤੋਤਾ ਵਿਖੇ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਵਿਖੇ ਚੱਲ ਰਹੇ ਹੜ੍ਹ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।ਉਨ੍ਹਾਂ ਨਾਲ ਜਲ ਸਰੋਤ ਵਿਭਾਗ ਦੇ ਚੀਫ ਇੰਜੀਨੀਅਰ ਸ਼ੇਰ ਸਿੰਘ ਨਿਗਰਾਨ ਇੰਜੀਨੀਅਰ ਜਗਦੀਸ਼ ਰਾਜ, ਐਸ.ਸੀ ਗੁਰਬਿੰਦਰ ਸਿੰਘ ਸਿੱਧੂ, ਕਾਰਜਕਾਰੀ ਇੰਜੀਨੀਅਰ ਵਸ਼ਵਪਾਲ ਗੋਇਲ ਅਤੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ। ਪਿਛਲੇ ਸਾਲ ਆਏ ਹੜ੍ਹਾਂ ਕਾਰਨ ਬੀ.ਓ.ਪੀ ਤੋਤਾ ਵਿਖੇ ਹੜ੍ਹ ਦੇ ਪਾਣੀ ਨਾਲ ਕਾਫੀ ਨੁਕਸਾਨ ਹੋਇਆ ਸੀ ਅਤੇ ਜਲ ਸਰੋਤ ਵਿਭਾਗ ਵੱਲੋਂ ਇਥੇ 5.5 ਕਰੋੜ ਰੁਪਏ ਖਰਚ ਕਰਕੇ ਹੜ੍ਹ ਰੋਕੂ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਤੋਂ ਬਾਅਦ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅੰਮ੍ਰਿਤਸਰ ਨੇੜਲੇ ਪਿੰਡ ਚੱਬਾ ਵਿਖੇ ਝਬਾਲ ਨਹਿਰ ਦੇ ਰੀ-ਲਾਈਨਿੰਗ ਪ੍ਰੋਜੈਕਟ ਦਾ ਵੀ ਨਿਰੀਖਣ ਕੀਤਾ।ਰਾਜ ਸਰਕਾਰ ਵੱਲੋਂ 18 ਕਰੋੜ ਰੁਪਏ ਦੀ ਲਾਗਤ ਨਾਲ ਇਸ ਨਹਿਰ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਸ ਨਹਿਰ ਵਿੱਚ 150 ਕਿਊਸਿਕ ਪਾਣੀ ਵਹਿੰਦਾ ਸੀ ਅਤੇ ਨਹਿਰ ਦੇ ਕਿਨਾਰੇ ਪੱਕੇ ਹੋਣ ਤੋਂ ਬਾਅਦ ਨਹਿਰ ਵਿੱਚ 258 ਕਿਊਸਿਕ ਪਾਣੀ ਟੇਲਾਂ ਤੱਕ ਪਹੁੰਚੇਗਾ।ਉਨ੍ਹਾਂ ਕਿਹਾ ਕਿ ਝਬਾਲ ਨਹਿਰ ਨੂੰ ਪੱਕਾ ਕਰਨ ਦਾ ਕੰਮ 45 ਦਿਨਾਂ ਦੇ ਅੰਦਰ ਅੰਦਰ ਪੂਰਾ ਕਰ ਲਿਆ ਜਾਵੇਗਾ।ਉਨਾਂ ਦੱਸਿਆ ਕਿ ਇਸ ਨਹਿਰ ਦੀ ਕੁੱਲ ਲੰਬਾਈ 27 ਕਿਲੋਮੀਟਰ ਹੈ ਅਤੇ ਇਸ ਦੀ ਚੌੜਾਈ ਨੂੰ ਵਧਾ ਕੇ 24 ਫੁੱਟ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਨਹਿਰ ਰਾਹੀਂ ਕੇਵਲ ਪੰਜ ਹਜ਼ਾਰ ਏਕੜ ਖੇਤਾਂ ਨੂੰ ਪਾਣੀ ਮਿਲਦਾ ਸੀ, ਪਰ ਇਸ ਦੀ ਸਮਰੱਥਾ ਵਧਣ ਨਾਲ ਕਰੀਬ ਹੁਣ 31 ਹਜ਼ਾਰ ਏਕੜ ਫਸਲ ਨੂੰ ਟੇਲਾਂ ਰਾਹੀਂ ਪਾਣੀ ਮਿਲੇਗਾ, ਜਿਸ ਨਾਲ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ।
ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਯਤਨਾ ਸਦਕਾ ਹੀ ਅਸੀਂ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ ਬਚਾਉਣ ਵਿੱਚ ਕਾਮਯਾਬ ਹੋਏ ਹਾਂ।ਜਿਸ ਨਾਲ ਅਸੀਂ ਕੇਵਲ ਪੰਜਾਬ ਨੂੰ ਹੀ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਚਾ ਲਿਆ ਹੈ।ਉਨਾਂ ਦੱਸਿਆ ਕਿ ਅਸੀਂ ਪਹਿਲਾਂ ਕੇਵਲ 26 ਫੀਸਦੀ ਪਾਣੀ ਹੀ ਵਰਤੋਂ ਵਿੱਚ ਲਿਆਂਦੇ ਸਾਂ, ਪਰੰਤੂ ਹੁਣ ਅਸੀਂ 82 ਫੀਸਦੀ ਪਾਣੀ ਖੇਤਾਂ ਵਿੱਚ ਪਹੁੰਚਾਉਣ ਤੱਕ ਕਾਮਯਾਬ ਹੋ ਚੁੱਕੇ ਹਾਂ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਤਹਿਤ 600 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੜ੍ਹ ਆਉਣ ਤੋਂ ਬਾਅਦ ਜਲ ਸਰੋਤ ਵਿਭਾਗ ਵੱਲੋਂ 4 ਦਰਿਆਵਾਂ `ਤੇ ਦੋ-ਦੋ ਨਿਗਰਾਨ ਇੰਜੀਨੀਅਰਾਂ ਦੀ ਅਗਵਾਈ ਵਿੱਚ ਕਮੇਟੀਆਂ ਬਣਾਈਆਂ ਗਈਆਂ ਸਨ ਅਤੇ ਇਨ੍ਹਾਂ ਕਮੇਟੀ ਨੇ 135 ਥਾਵਾਂ ਦੀ ਨਾਜੁਕ ਥਾਵਾਂ ਨਿਸ਼ਾਨਦੇਹੀ ਕੀਤੀ ਅਤੇ ਇਨ੍ਹਾਂ ਸਾਰੀਆਂ ਥਾਵਾਂ `ਤੇ ਹੜ੍ਹ ਰੋਕੂ ਪ੍ਰਬੰਧਾਂ ਤਹਿਤ ਕੰਮ ਚੱਲ ਰਿਹਾ ਹੈ ਜਿਨ੍ਹਾਂ ਵਿਚੋਂ ਕੁੱਝ ਮੁਕੰਮਲ ਹੋ ਗਏ ਹਨ ਅਤੇ ਰਹਿੰਦੇ ਸਾਰੇ ਕੰਮ 30 ਜੂਨ 2026 ਤੱਕ ਮੁਕੰਮਲ ਕਰ ਲਏ ਜਾਣਗੇ।
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੜ੍ਹ ਰੋਕਥਾਮ, ਰਾਹਤ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਅਤੇ ਨਹਿਰਾਂ ਅਤੇ ਨਾਲਿਆਂ (ਡਰੇਨਾਂ) ਦੀ ਸਫਾਈ ਵਾਸਤੇ ਫਿਨਲੈਂਡ ਤੋਂ ਉੱਨਤ ਕਿਸਮ ਦੀਆਂ ਐਂਫੀਬੀਅਸ ਮਸ਼ੀਨਾਂ (ਪਾਣੀ ਵਿੱਚ ਅਤੇ ਧਰਤੀ ‘ਤੇ ਚੱਲਣ ਵਾਲੀਆਂ ਮਸ਼ੀਨਾਂ) ਦੀ ਖਰੀਦ ਕੀਤੀ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਦੇ ਵਿਦਿਆਰਥੀਆਂ ਦਾ ਆਲ ਇੰਡੀਆ ਵੈਟਰਨਰੀ ਐਜੂਕੇਸ਼ਨਲ ਟੂਰ ਕਰਵਾਇਆ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ …