ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਅਗਾਮੀ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸੰਭਾਵੀ ਹੜ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ
ਦੀਆਂ ਹਦਾਇਤਾਂ `ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਸੰਭਾਵੀ ਹੜ੍ਹ ਸੁਰੱਖਿਆ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਬੀ.ਐਸ.ਐਫ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਹੁਣ ਤੋਂ ਯੋਗ ਪ੍ਰਬੰਧ ਕੀਤੇ ਜਾਣ ਅਤੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਸਮਾਨ ਦੀ ਖਰੀਦੋ ਫਰੋਖਤ ਕਰ ਲਈ ਜਾਵੇ ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ `ਤੇ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਜਾਣ ਅਤੇ ਫਲੱਡ ਕੰਟਰੋਲ ਰੂਮ ਵਿੱਚ ਯੋਗ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ।ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ ਪ੍ਰਭਾਵਿਤ ਖੇਤਰਾਂ ਵਿੱਚ ਪਹਿਲਾਂ ਤੋ ਹੀ ਪਸ਼ੂਆਂ ਦੀ ਵੈਕਸੀਨ ਕਰਵਾ ਲਈ ਜਾਵੇ।ਉਨਾਂ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਆਪਣੇ ਸਬ-ਸਟੇਸ਼ਨਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਪਹਿਲਾਂ ਤੋਂ ਹੀ ਅਗੇਤੇ ਪ੍ਰਬੰਧ ਕਰ ਲਏ ਜਾਣ ਤਾਂ ਜੋ ਹੜ੍ਹਾਂ ਦੌਰਾਨ ਬਿਜਲੀ ਸਪਲਾਈ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ।ਉਨ੍ਹਾਂ ਨੇ ਵਖ-ਵਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਖੇਤਰਾਂ ਵਿੱਚ ਪੂਰੀ ਚੌਕਸੀ ਵਰਤਣ ਅਤੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਜਾਨ-ਮਾਲ ਦੀ ਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਇਸ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।ਉਨਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਬੀ.ਐਸ.ਐਫ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਦਰਿਆ ਵਿੱਚ ਜਿਥੇ ਕਿਥੇ ਵੀ ਕੋਈ ਪਾੜ੍ਹ ਜਾਂ ਪਾਣੀ ਦੇ ਬਹਾਅ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਵੇ।ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਬਚਾਅ ਕਾਰਜਾਂ ਲਈ ਲੋੜੀਂਦੇ ਸਾਧਨ ਅਤੇ ਮਸ਼ੀਨਰੀ ਪਹਿਲਾਂ ਹੀ ਤਿਆਰ ਰੱਖੀ ਜਾਵੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਤੇ ਨਿਗਰਾਨੀ ਹੋਰ ਮਜ਼ਬੂਤ ਕੀਤੀ ਜਾਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਵਲੋਂ ਕਰਵਾਏ ਜਾ ਰਹੇ ਪ੍ਰਬੰਧਾਂ ਦਾ ਖੁਦ ਮੌਕੇ ਉਤੇ ਜਾ ਕੇ ਨਿਰੀਖਣ ਕਰਨਗੇ ਅਤੇ ਕਿਸੇ ਵੀ ਕੰਮ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ ਰੰਧਾਵਾ, ਡਿਪਟੀ ਕਮਾਂਡੈਂਟ ਬੀਐਸਐਫ ਪੀ.ਕੇ ਦਿਵੇਦੀ, ਡਿਪਟੀ ਕਮਾਂਡੈਂਟ ਬੀ.ਐਸ.ਐਫ ਆਰ.ਐਸ ਗੌਤਮ, ਐਸ.ਡੀ.ਓ ਪੀ.ਡਬਲਯੂ.ਡੀ ਲਖਬੀਰ ਸਿੰਘ, ਡਾ. ਪੁਨੀਤ, ਡਾ. ਕੰਵਲਜੀਤ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ, ਐਸ.ਡੀ.ਓ ਪੀ.ਪੀ.ਸੀ.ਬੀ ਸੁਖਮਨੀ ਸਿੰਘ, ਐਸ.ਡੀ.ਓ ਵਾਟਰ ਸਪਲਾਈ ਰਸ਼ਮਿੰਦਰ ਸਿੰਘ, ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵੈਟਰਨਰੀ ਵੱਲੋਂ ਵਿਸ਼ਵ ਪੋਲਟਰੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ …
Punjab Post Daily Online Newspaper & Print Media