ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ
ਕਰਵਾਈ ਗਈ ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਰਾਜ-ਪੱਧਰੀ ਲਾਗੂ ਕਰਨ ਸਬੰਧੀ ਇੱਕ-ਰੋਜ਼ਾ ਵਰਕਸ਼ਾਪ ਮੌਕੇ ਭਾਰਤੀ ਭਾਸ਼ਾ ਸਮਿਤੀ ਦੇ ਅਕਾਦਮਿਕ ਕੋਆਰਡੀਨੇਟਰ, ਡਾ. ਪਾਰੁਲ ਸਿੰਘ ਨੇ ਕੁੰਜ਼ੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਜਨਵਰੀ 2024 ਵਿੱਚ ਇਹ ਫੈਸਲਾ ਲਿਆ ਸੀ ਕਿ ਅਗਲੇ ਤਿੰਨ ਸਾਲਾਂ ਦੇ ਅੰਦਰ ਭਾਰਤ ਵਿੱਚ ਹਰ ਪੱਧਰ ਦੇ ਕੋਰਸਾਂ ਦੀਆਂ ਪੁਸਤਕਾਂ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਸਥਾਨਕ ਭਾਸ਼ਾਵਾਂ ਵਿੱਚ ਡਿਜ਼ੀਟਲ ਪਲੇਟਫਾਰਮਾਂ ਰਾਹੀਂ ਉਪਲਬੱਧ ਕਰਵਾਈਆਂ ਜਾਣ।
ਯੂਨੀਵਰਸਿਟੀ ਵਿਖੇ ਭਾਰਤੀ ਭਾਸ਼ਾ ਸਮਿਤੀ, ਸਿੱਖਿਆ ਮੰਤਰਾਲਾ (ਭਾਰਤ ਸਰਕਾਰ) ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਸ ਇੱਕ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੁੰਜ਼ੀਵਤ ਭਾਸ਼ਣ ਤੋਂ ਪਹਿਲਾਂ ਡਾ. ਮਨਜਿੰਦਰ ਸਿੰਘ ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉੱਚ-ਸਿੱਖਿਆ ਨੂੰ ਮਾਤ-ਭਾਸ਼ਾ ਵਿੱਚ ਪ੍ਰਦਾਨ ਕਰਨ ਦੇ ਮਕਸਦ ਨੂੰ ਸਮਰਪਿਤ ਇਹ ਵਰਕਸ਼ਾਪ ਨਵੀਆਂ ਲੀਹਾਂ ਦਾ ਨਿਰਮਾਣ ਕਰੇਗੀ।
ਡਾ. ਪਾਰੁਲ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਕੇਂਦਰੀ ਬਜ਼ਟ 2025 ਵਿੱਚ ਅਧਿਕਾਰਤ ਤੌਰ ‘ਤੇ ਭਾਰਤੀ ਭਾਸ਼ਾ ਪੁਸਤਕ ਯੋਜਨਾ ਦਾ ਐਲਾਨ ਵੀ ਕੀਤਾ ਗਿਆ।ਉਹਨਾਂ ਕਿਹਾ ਕਿ ਯੋਜਨਾ ਦੇ ਮੁੱਖ ਨੁਕਤਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਪੁਸਤਕ ਦਾ ਮਤਲਬ ਪਾਠ ਪੁਸਤਕਾਂ, ਕੋਰਸ ਬੁੱਕਸ, ਸੰਦਰਭ ਪੁਸਤਕਾਂ ਅਤੇ ਹੋਰ ਅਧਿਐਨ ਸਮੱਗਰੀ ਤੋਂ ਹੈ।ਕਿਤਾਬਾਂ ਨੂੰ ਤਿਆਰ ਕਰਨ ਲਈ ਦੋ ਤਰੀਕੇ ਅਪਣਾਏ ਜਾਣਗੇ: ਪਹਿਲਾ ਮੂਲ ਲੇਖਣ ਅਤੇ ਦੂਜਾ ਅਨੁਵਾਦ।ਕੁੱਲ 12 ਭਾਸ਼ਾਵਾਂ ਵਿੱਚ ਮੂਲ ਰੂਪ ਵਿੱਚ ਲਿਖਣ ਉਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ, ਜਦੋਂ ਕਿ ਬਾਕੀ 10 ਭਾਸ਼ਾਵਾਂ ਵਿੱਚ ਮੁੱਖ ਤੌਰ ‘ਤੇ ਅਨੁਵਾਦ ਅਧਾਰਿਤ ਕੰਮ ਹੋਵੇਗਾ। ਕਿਸੇ ਖਾਸ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਲੋੜ ਅਨੁਸਾਰ ਹੀ ਉਥੋਂ ਦੀ ਭਾਸ਼ਾ ਵਿੱਚ ਕਿਤਾਬਾਂ ਦੀ ਗਿਣਤੀ ਅਤੇ ਤਰਜ਼ੀਹ ਤੈਅ ਕੀਤੀ ਜਾਵੇਗੀ।
ਡਾ. ਸ਼ਮਸ਼ੇਰ ਸਿੰਘ ਸਿਸਟਮ ਐਡਮਨਿਸਟਰੇਟਰ, ਏ.ਬੀ ਕਾਲਜ ਪਠਾਨਕੋਟ ਨੇ ਇਸ ਵਰਕਸ਼ਾਪ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਪਿਛੋਕੜ ਰਾਸ਼ਟਰੀ ਸਿੱਖਿਆ ਨੀਤੀ-2020 ਹੈ, ਜੋ ਮਾਤ-ਭਾਸ਼ਾ ਅਤੇ ਸਥਾਨਕ ਭਾਰਤੀ ਭਾਸ਼ਾਵਾਂ ਵਿੱਚ ਉੱਚ-ਕੋਟੀ ਦੀ ਸਿੱਖਿਆ ਸਮੱਗਰੀ ਮੁਹੱਈਆ ਕਰਵਾਉਣ ਦੀ ਵਕਾਲਤ ਕਰਦੀ ਹੈ।
ਪਦਮ ਸ੍ਰੀ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਕੁਲਪਤੀ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਵਰਕਸ਼ਾਪ ਦੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਇਸ ਸਕੀਮ ਦਾ ਬੁਨਿਆਦੀ ਉਦੇਸ਼ ਸਕੂਲੀ ਅਤੇ ਉੱਚ-ਸਿੱਖਿਆ ਦੇ ਕੋਰਸਾਂ ਲਈ 22 ਭਾਰਤੀ ਭਾਸ਼ਾਵਾਂ ਵਿੱਚ ਡਿਜ਼ੀਟਲ ਇੰਟਰਐਕਟਿਵ ਕਿਤਾਬਾਂ ਤਿਆਰ ਕਰਨਾ ਹੈ। ਇਹ ਸਾਰੀ ਸਾਮੱਗਰੀ ਇੱਕ ਵਿਸ਼ੇਸ਼ ਵੈੱਬ ਪੋਰਟਲ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਈ ਜਾਵੇਗੀ।ਇਹ ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਵਿੱਚ ਕਾਫ਼ੀ ਮਦਦਗਾਰ ਸਿੱਧ ਹੋਵੇਗਾ।
ਡਾ. ਸਤਨਾਮ ਸਿੰਘ ਦਿਓਲ ਡੀਨ ਵਿਦਿਆਰਥੀ ਭਲਾਈ ਨੇ ਮੌਜ਼ੂਦ ਹਾਜ਼ਰੀਨ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਉੱਚ ਸਿੱਖਿਆ, ਪੇਸ਼ੇਵਰ ਸਿੱਖਿਆ ਅਤੇ ਸਕੂਲੀ ਸਿੱਖਿਆ ਦੇ ਵੱਖ-ਵੱਖ ਵਿਸ਼ਿਆਂ ਵਿੱਚ ਮੌਲਿਕ ਲੇਖਣੀ ਨੂੰ ਪਹਿਲ ਦਿੱੱਤੀ ਜਾਵੇਗੀ ਅਤੇ ਲੋੜ ਅਨੁਸਾਰ ਅਨੁਵਾਦ ਦਾ ਕੰਮ ਵੀ ਕੀਤਾ ਜਾਵੇਗਾ
ਡਾ. ਜਤਿੰਦਰ ਗਰਗ ਕੰਟਰੋਲਰ ਪ੍ਰੀਖਿਆਵਾਂ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਰੱਖਣ ਲਈ ਸੰਸਥਾਵਾਂ, ਲੇਖਕਾਂ, ਸਮੀਖਿਅਕਾਂ, ਅਨੁਵਾਦਕਾਂ ਅਤੇ ਸੰਪਾਦਕਾਂ ਦੀ ਚੋਣ ਇੱਕ ਸੁਚੱਜੇ ਢੰਗ ਨਾਲ ਕੀਤੀ ਜਾਵੇਗੀ।ਡਾ. ਯਸ਼ਵੀਰ ਸਿੰਘ ਪ੍ਰੋਫ਼ੈਸਰ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਨੇ ਸਮਾਗਮ ਦੇ ਅੰਤ ਵਿੱਚ ਧੰਨਵਾਦ ਮਤਾ ਪੇਸ਼ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਦੀ ਜ਼ਿੰਮੇਵਾਰੀ ਪ੍ਰਮੁੱਖ ਅਗਵਾਈ ਕਰਨ ਵਾਲੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਦਿੱਤੀ ਜਾਵੇਗੀ ਤਾਂ ਜੋ ਤਿੰਨ ਸਾਲਾਂ ਦੇ ਅੰਦਰ-ਅੰਦਰ ਨਿਰਧਾਰਿਤ ਕੋਰਸ ਦਾ ਕੰਮ ਪੂਰਾ ਹੋ ਸਕੇ।ਇਸ ਯੋਜਨਾ ਦੇ ਤਹਿਤ ਲਗਭਗ ਢਾਈ ਲੱਖ (2.5 ਲੱਖ) ਪੁਸਤਕਾਂ ਤਿਆਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।ਪ੍ਰੋ. ਆਦਰਸ਼ਪਾਲ ਵਿਜ ਸਾਬਕਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ।ਮੰਚ ਸੰਚਾਲਨ ਡਾ. ਬਲਜੀਤ ਕੌਰ ਰਿਆੜ ਨੇ ਕੀਤਾ।
ਸਮਾਗਮ ਵਿੱਚ ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਅਕਾਲ ਅੰਮ੍ਰਿਤ ਕੌਰ, ਡਾ. ਹਰਸਿਮਰਤ ਕੌਰ, ਡਾ. ਨਰੇਸ਼ ਕੁਮਾਰ,ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ, ਪ੍ਰਵੀਨ ਪੁਰੀ (ਡਾਇਰੈਕਟਰ ਲੋਕ ਸੰਪਰਕ ਵਿਭਾਗ), ਡਾ. ਅਮਰਜੀਤ ਸਿੰਘ, ਡਾ. ਰਾਜੇਸ਼ ਕੁਮਾਰ, ਡਾ. ਹੀਰਾ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਸੁਖਪ੍ਰੀਤ ਕੌਰ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
Punjab Post Daily Online Newspaper & Print Media