Wednesday, May 20, 2026

ਖਾਲਸਾ ਕਾਲਜ ਵੈਟਰਨਰੀ ਵੱਲੋਂ ਵਿਸ਼ਵ ਪੋਲਟਰੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਵਿਸ਼ਵ ਪੋਲਟਰੀ ਦਿਵਸ ਮਨਾਇਆ ਗਿਆ। ਕਾਲਜ ਪਿੰ੍ਰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਸਦਕਾ ਕਰਵਾਏ ਗਏ ਸਮਾਗਮ ਦੌਰਾਨ ਪੋਲਟਰੀ ਸਿਹਤ, ਪੋਸ਼ਣ, ਪ੍ਰੋਸੈਸਿੰਗ ਅਤੇ ਪੋਲਟਰੀ ਖੇਤਰ ’ਚ ਉਭਰ ਰਹੀਆਂ ਸੰਭਾਵਨਾਵਾਂ ਸਬੰਧੀ ਚਰਚਾ ਕੀਤੀ ਗਈ।
ਡਾ. ਵਰਮਾ ਨੇ ਵਿਭਾਗ ’ਚ ਨਵੀਂ ਸਥਾਪਿਤ ਪੋਲਟਰੀ ਸਲਾਟਰ ਅਤੇ ਮੀਟ ਪ੍ਰੋਸੈੈਸਿੰਗ ਸਹੂਲਤ ਦਾ ਉਦਘਾਟਨ ਕਰਨ ਦੇ ਬਾਅਦ ਆਪਣੇ ਭਾਸ਼ਣ ’ਚ ਕਿਹਾ ਕਿ ਇਹ ਸਹੂਲਤ ਵੈਟਰਨਰੀ ਵਿਦਿਆਰਥੀਆਂ ਨੂੰ ਆਧੁਨਿਕ ਪੋਲਟਰੀ ਪ੍ਰੋਸੈਸਿੰਗ ਅਤੇ ਵੈਲਯੂ ਐਡੀਸ਼ਨ ਤਕਨਾਲੋਜੀਆਂ ’ਚ ਪ੍ਰੈਕਟੀਕਲ ਟ੍ਰੇਨਿੰਗ ਦੇਣ ’ਚ ਮਦਦਗਾਰ ਸਾਬਤ ਹੋਵੇਗੀ।ਜਦਕਿ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਸੰਬੋਧਨ ਕਰਦਿਆਂ ਭਾਰਤ ’ਚ ਪੋਲਟਰੀ, ਅੰਡਾ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਮੌਜ਼ੂਦਾ ਹਾਲਾਤ ਅਤੇ ਅੰਕੜਿਆਂ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਵਿਭਾਗ ਮੁੱਖੀ ਅਤੇ ਪ੍ਰੋਫੈਸਰ ਡਾ. ਵੀ.ਵੀ ਕੁਲਕਰਣੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਪ੍ਰਿੰ: ਡਾ. ਵਰਮਾ ਦਾ ਸਵਾਗਤ ਕਰਨ ਉਪਰੰਤ ਕਿਹਾ ਕਿ ਪੋਲਟਰੀ ਉਦਯੋਗ ਭੋਜਨ ਸੁਰੱਖਿਆ, ਪੋਸ਼ਣ ਅਤੇ ਰੋਜ਼ਗਾਰ ਸਿਰਜਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।ਤਕਨੀਕੀ ਸੈਸ਼ਨ ਦੌਰਾਨ ਅਸਿਸਟੈਂਟ ਪ੍ਰੋਫੈਸਰ ਡਾ. ਗੌਤਮੀ ਸ਼ਰਮਾ ਨੇ ‘ਟੀਕਾਕਰਨ ਅਤੇ ਕੁਦਰਤੀ ਫੀਡ ਰਾਹੀਂ ਪੋਲਟਰੀ ਸਿਹਤ ਅਤੇ ਉਤਪਾਦਕਤਾ ’ਚ ਸੁਧਾਰ’ ਵਿਸ਼ੇ ’ਤੇ ਪੇਸ਼ਕਾਰੀ ਦਿੱਤੀ।ਉਨ੍ਹਾਂ ਨੇ ਪੋਲਟਰੀ ਸਿਹਤ ਪ੍ਰਬੰਧਨ, ਟੀਕਾਕਰਨ, ਬਾਇਓਸਿਕਿਊਰਿਟੀ ਅਤੇ ਕੁਦਰਤੀ ਫੀਡ ਐਡੀਟਿਵਜ਼ ਦੀ ਮਹੱਤਤਾ ਸਬੰਧੀ ਵਿਚਾਰ ਸਾਂਝੇ ਕੀਤੇ।ਜਦਕਿ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਆਨੰਧੂ ਕੁਮਾਰ ਨੇ ‘ਚਿਕਨ ਦਾ ਪੌਸ਼ਟਿਕ ਮੁਲ, ਮਿੱਥਾਂ ਅਤੇ ਵਿਵਾਦ’ ਵਿਸ਼ੇ ’ਤੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਚਿਕਨ ਮੀਟ ਦੇ ਪੋਸ਼ਣ ਮਹੱਤਵ ਅਤੇ ਹਾਰਮੋਨ, ਐਂਟੀਬਾਇਓਟਿਕਸ, ਬਰਡ ਫਲੂ, ਫਰੋਜ਼ਨ ਚਿਕਨ ਅਤੇ ਪ੍ਰੋਸੈਸਡ ਪੋਲਟਰੀ ਉਤਪਾਦਾਂ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਸਪੱਸ਼ਟ ਕੀਤਾ।ਇਸੇ ਦੌਰਾਨ ਅਸਿਸਟੈਂਟ ਪ੍ਰੋਫੈਸਰ ਡਾ. ਦੀਪਕ ਮਹਾਜਨ ਨੇ ‘ਅੰਡਿਆਂ ਦਾ ਪੋਸ਼ਣ ਮੁੱਲ, ਮਿੱਥਾਂ ਅਤੇ ਵਿਵਾਦ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਅੰਡਿਆਂ ਦੇ ਸਿਹਤ ਲਾਭਾਂ ਬਾਰੇ ਜਾਣਕਾਰੀ ਦਿੱਤੀ।
ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਸਮਾਗਮ ’ਚ ਪ੍ਰਫੈਕਟ ਪੋਲਟਰੀ ਪ੍ਰੋਡਕਟਸ ਪ੍ਰਾਈਵੇਟ ਲਿਮ: ਤੋਂ ਵਿਸ਼ੇਸ਼ ਮਹਿਮਾਨ ਵੀ ਸ਼ਾਮਿਲ ਹੋਏ।ਪਲਾਂਟ ਮੈਨੇਜਰ ਡਾ. ਨੇਹਾ ਪਾਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪੋਲਟਰੀ ਪ੍ਰੋਸੈਸਿੰਗ ਉਦਯੋਗ ’ਚ ਰੋਜ਼ਗਾਰ ਦੇ ਮੌਕਿਆਂ ਅਤੇ ਆਧੁਨਿਕ ਪੋਲਟਰੀ ਖੇਤਰ ’ਚ ਵੈਟਰਨਰੀ ਡਾਕਟਰਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।ਜਦਕਿ ਸਮਾਗਮ ’ਚ ਟੀਮ ਮੈਨੇਜਮੈਂਟ ਤੋਂ ਸ੍ਰੀਮਤੀ ਅਸ਼ਵਿੰਦਰ ਕੌਰ ਵੀ ਮੌਜ਼ੂਦ ਸਨ।ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ, ਪੰਜਾਬ ਤੋਂ ਡਾ. ਰਾਵਤ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਵਿਦਿਆਰਥੀਆਂ ’ਚ ਪੋਲਟਰੀ ਖੇਤਰ ਬਾਰੇ ਜਾਗਰੂਕਤਾ ਫੈਲਾਉਣ ਲਈ ਉਕਤ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸਮਾਗਮ ਦਾ ਸਮਾਪਨ ਇੰਟਰੈਕਟਿਵ ਚਰਚਾ, ਵਿਦਿਆਰਥੀਆਂ ਦੇ ਫੀਡਬੈਕ ਅਤੇ ਡਾ. ਕੁਲਕਰਣੀ ਦੇ ਧੰਨਵਾਦੀ ਭਾਸ਼ਣ ਨਾਲ ਹੋਇਆ।
ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ‘ਬਾਇਓਸਿਕਿਊਰਿਟੀ ਅਤੇ ਟੀਕਾਕਰਨ’ ਪੋਲਟਰੀ ਉਦਯੋਗ ਦੇ ਦੋ ਮਹੱਤਵਪੂਰਨ ਥੰਮ੍ਹ ਹਨ।ਉਨ੍ਹਾਂ ਨੇ ਲੋਕਾਂ ਨੂੰ ਅੰਡਿਆਂ ਦੇ ਵੱਧ ਤੋਂ ਵੱਧ ਸੇਵਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੰਡੇ ਸਭ ਤੋਂ ਸਸਤਾ ਅਤੇ ਵਧੀਆ ਪ੍ਰੋਟੀਨ ਸਰੋਤ ਹਨ।ਉਨ੍ਹਾਂ ਕਿਹਾ ਕਿ ਜੋ ਕੋਈ ਵੀ ਪੋਲਟਰੀ ਫ਼ਾਰਮ ਸ਼ੁਰੂ ਕਰਨ ਦਾ ਇੱਛੁਕ ਹੈ, ਉਹ ਕਾਲਜ ਤੋਂ ਸਿਖਲਾਈ ਲੈ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਲਈ ਫੋਨ ਨੰਬਰ: 62834-66785, 0183-2994595 ’ਤੇ ਸੰਪਰਕ ਕਰ ਸਕਦਾ ਹੈ।

Check Also

ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਰਾਜ-ਪੱਧਰੀ ਲਾਗੂ ਕਰਨ ਸਬੰਧੀ ਇੱਕ-ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਯੋਗ ਰਹਿਨੁਮਾਈ …