ਮੇਗਾ ਪੀ.ਟੀ.ਐਮ ਦਾ ਹੋਇਆ ਆਯੋਜਨ
ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਅਪਰ ਪ੍ਰਾਇਮਰੀ 418 ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਅੱਜ ਸਿੱਖਿਆ ਦਾ ਮਹਾਂ ਜਸ਼ਨ
ਬੜੇ ਸੁਚੱਜੇ ਅਤੇ ਖੂਬਸੂਰਤ ਢੰਗ ਨਾਲ ਮਨਾਇਆ ਗਿਆ। ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਮੁਤਾਬਿਕ ਪੰਜਾਬ ਵੱਲੋਂ ਪਹਿਲਾ ਸਥਾਨ ਹਾਸਿਲ ਕਰਨ ਅਤੇ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ, ਐਸ.ਐਮ.ਸੀ ਕਮੇਟੀ ਮੈਂਬਰਾਂ, ਪਿੰਡ ਦੇ ਪਤਵੰਤੇ ਸੱਜਣਾਂ ਨਾਲ ਸਾਂਝਾ ਕਰਨ ਦੇ ਉਦੇਸ਼ ਨਾਲ ਇਸ ਮਹਾਂ ਜਸ਼ਨ-ਮੇਗਾ ਪੀ.ਟੀ.ਐਮ ਦਾ ਆਯੋਜਨ ਕੀਤਾ ਗਿਆ ਸੀ।
ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਰਜੇਸ਼ ਕੁਮਾਰ ਸ਼ਰਮਾ, ਉਪ ਜਿਲ੍ਹਾ ਸਿਖਿਆ ਅਫਸਰ ਰਜੇਸ਼ ਖੰਨਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡੀ.ਆਰ.ਸੀ ਡਾ. ਰਾਜਨ ਵਲੋਂ ਅੱਜ ਸਰਕਾਰੀ ਹਾਈ ਸਕੂਲ ਅਦਲੀਵਾਲਾ, ਸਰਕਾਰੀ ਮਿਡਲ ਸਕੂਲ ਬੂਆ ਨੰਗਲੀ, ਸਰਕਾਰੀ ਮਿਡਲ ਸਕੂਲ ਲੋਹਾਰਕਾ ਕਲਾਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ, ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।
ਜਿਲ੍ਹਾ ਸਿੱਖਿਆ ਅਫਸਰ ਰਜੇਸ਼ ਸ਼ਰਮਾ ਨੇ ਦੌਰੇ ਦੌਰਾਨ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੋਰਡ ਪ੍ਰੀਖਿਆਵਾਂ ਵਿੱਚ ਟਾਪਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਹੁਨਰ ਸਿੱਖਿਆ ਪ੍ਰੋਗਰਾਮ, ਇੰਗਲਿਸ਼ ਐਜ਼.ਆਰ.ਸੀ.ਏ ਦੌਰਾਨ ਵੀ ਵਧੀਆ ਕਾਰਗੁਜ਼ਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਕੂਲਾਂ ਵਲੋਂ ਸਨਮਾਨ-ਪੱਤਰ ਦੇ ਕੇ ਨਿਵਾਜਿਆ ਗਿਆ।ਵਿਦਿਆਰਥੀਆਂ ਦੇ ਮਾਪਿਆਂ ਦਾ ਸਵਾਗਤ ਕਰਨ ਦੇ ਨਾਲ-ਨਾਲ ਸੁਝਾਅ ਬਕਸੇ ਰਾਹੀਂ ਉਹਨਾਂ ਦੇ ਵਿਚਾਰਾਂ ਨੂੰ ਵੀ ਜਾਣਿਆ ਗਿਆ।ਵਿਦਿਆਰਥੀਆਂ ਨੂੰ ਵਿਭਾਗੀ ਹਦਾਇਤਾਂ ਅਨੁਸਾਰ ਛੁੱਟੀਆਂ ਦਾ ਕੰਮ ਪ੍ਰਿੰਟ ਆਊਟ ਮਟੀਰੀਅਲ ਦੇ ਰੂਪ ਵਿੱਚ ਦਿੱਤਾ ਗਿਆ। ਛੁੱਟੀਆਂ ਦੇ ਕੰਮ ਦੇ ਨਾਲ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਦੀ ਮਹੱੱਤਤਾ ਦੱਸਦੇ ਹੋਏ ਰਸੋਈ ਦੇ ਕੂੜੇ ਤੋਂ ਕੰਪੋਸਟ ਤੱਕ ਦਾ ਸਫਰ ਗਤੀਵਿਧੀ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨ ਦੇ ਨਾਲ-ਨਾਲ ਨਿਰੰਤਰਤਾ ਬਣਾਏ ਰੱਖਣ ਲਈ ਆਰ.ਸੀ.ਏ ਦੇ ਨਾਲ ਵੀ ਵਿਦਿਆਰਥੀਆਂ ਨੂੰ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਉਪ ਜਿਲ੍ਹਾ ਸਿੱਖਿਆ ਅਫਸਰ ਰਜੇਸ਼ ਖੰਨਾ ਨੇ ਦੱਸਿਆ ਕਿ ਮਾਪਿਆਂ ਵੱਲੋਂ ਸਕੂਲਾਂ ਦੀ ਬਦਲਦੀ ਨੁਹਾਰ ਪ੍ਰਤੀ ਵਧਦੇ ਰੁਝਾਨ ਨੂੰ ਵੇਖ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵੀ ਵੱਧ ਰਿਹਾ ਹੈ।ਡੀ.ਆਰ.ਸੀ ਡਾ. ਰਾਜਨ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਸਕੂਲਾਂ ਦੀਆਂ ਲੋੜਾਂ ਨੂੰ ਹਰ ਸੰਭਵ ਪੂਰਾ ਕਰਨ ਦਾ ਯਤਨ ਕਰ ਰਿਹਾ ਹੈ, ਉਥੇ ਉਹਨਾਂ ਨੇ ਕਿਸੇ ਐਨ.ਜੀ.ਓ ਦੀ ਮਦਦ ਦੇ ਨਾਲ ਮਿਡਲ ਸਕੂਲ ਲੋਹਾਰਕਾ ਕਲਾਂ ਵਿੱਚ ਲਾਇਬਰੇਰੀ ਬਣਵਾ ਕੇ ਦਿੱਤੀ, ਜਿਸ ਦਾ ਅੱਜ ਉਦਘਾਟਨ ਵੀ ਕੀਤਾ ਗਿਆ।ਅਜਿਹੇ ਕੰਮ ਦੂਜੇ ਅਧਿਆਪਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਹਨ।
ਅੰਮ੍ਰਿਤਸਰ ਜਿਲੇ ਦੇ ਵੱਖ-ਵੱਖ ਬਲਾਕਾਂ ਦੇ ਬੀਆਰਸੀ ਸਾਹਿਬਾਨਾਂ ਵੱਲੋਂ ਵੀ ਅਲੱਗ-ਅਲੱਗ ਸਕੂਲਾਂ ਵਿੱਚ ਚਲ ਰਹੀ ਮਾਪੇ-ਅਧਿਆਪਕ ਵਰਕਸ਼ਾਪ ਵਿੱਚ ਸਿਰਕਤ ਕੀਤੀ ਗਈ।ਬੀ.ਆਰ.ਸੀ ਡਾ. ਪੂਰਨਿਮਾ ਨੇ ਸ.ਸ.ਸ.ਸ ਨਾਗ ਕਲਾਂ ਸਕੂਲ ਵਿੱਚ ਵਿਜਿਟ ਦੌਰਾਨ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਸਤਾਖਰ ਕੀਤੇ ਸਨਮਾਨ ਪੱਤਰ ਅਜ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਸਕੂਲਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਭੇਂਟ ਕੀਤੇ ਗਏ ਜੋ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਇਮਾਨਦਾਰੀ, ਲਗਨ ਅਤੇ ਮਿਹਨਤ ਦਾ ਨਮੂਨਾ ਪੇਸ਼ ਕਰਦਾ ਹੈ।ਬੀ.ਆਰ.ਸੀ ਰਾਜਪ੍ਰੀਤ ਸਿੰਘ ਅਤੇ ਬੀ.ਆਰ.ਸੀ ਅਜ਼ੇਪਾਲ ਸਿੰਘ ਨੇ ਉਚੇਚੇ ਤੌਰ ਤੇ ਮੇਗਾ ਪੀ.ਟੀ.ਐਮ ਡੈਸ਼ਬੋਰਡ ਦੀ ਪੂਰੀ ਨਿਗਰਾਨੀ ਕੀਤੀ ਅਤੇ ਸਮੇਂ ਰਹਿੰਦੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਸਕੂਲਾਂ ਦੇ ਮੇਗਾ ਪੇਟੀਐਮ ਸਕੂਲ ਮੁਖੀ ਗੂਗਲ ਫਾਰਮ ਭਰਵਾ ਕੇ ਅੰਮ੍ਰਿਤਸਰ ਦਾ ਡਾਟਾ 100 ਫ਼ੀਸਦੀ ਕਰਵਾਇਆ।
Punjab Post Daily Online Newspaper & Print Media