Monday, June 1, 2026

ਪੰਜਾਬ ਪੁਲਿਸ ਅਤੇ ਸਮਾਰਟ ਸਿਟੀ ਅੰਮ੍ਰਿਤਸਰ ਵਿੱਚ ੲ.ੇਆਈ ਅਧਾਰਿਤ ਈ-ਚਲਾਨ ਪ੍ਰਣਾਲੀ ਦੀ ਸ਼ੁਰੂਆਤ

ਅੰਮ੍ਰਿਤਸਰ, 1 ਜੂਨ (ਜਗਦੀਪ ਸਿੰਘ) – ਸੜਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ, ਟ੍ਰੈਫਿਕ ਪ੍ਰਬੰਧਨ ਵਿੱਚ ਸੁਧਾਰ ਲਿਆਉਣ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਸਮਾਰਟ ਸ਼ਾਸਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਪੁਲਿਸ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਡ ਵਲੋਂ ਅੰਮ੍ਰਿਤਸਰ ਵਿੱਚ ਅਤਿਆਧੁਨਿਕ ਏ.ਆਈ ਅਧਾਰਿਤ ਈ-ਚਲਾਨ ਪ੍ਰਣਾਲੀ ਦੀ ਸ਼ੂਰੂਆਤ ਕੀਤੀ ਗਈ।
ਇਸ ਪ੍ਰਣਾਲੀ ਦਾ ਉਦਘਾਟਨ ਡੀ.ਜੀ.ਪੀ ਪੰਜਾਬ ਗੌਰਵ ਯਾਦਵ, ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਨਗਰ ਨਿਗਮ ਕਮਿਸ਼ਨਰ-ਕਮ-ਸੀ.ਈ.ਓ, ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਡ ਬਿਕਰਮਜੀਤ ਸਿੰਘ ਸ਼ੇਰਗਿੱਲ ਵੱਲੋਂ ਕੀਤਾ ਗਿਆ। ਇਸ ਮੌਕੇ ਪੁਲਿਸ, ਨਗਰ ਨਿਗਮ, ਸਮਾਰਟ ਸਿਟੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜ਼ੂਦ ਸਨ।
ਇਸ ਪ੍ਰੋਜੈਕਟ ਦਾ ਉਦੇਸ਼ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣਾ, ਸੜਕ ਹਾਦਸਿਆਂ ਵਿੱਚ ਕਮੀ ਲਿਆਉਣਾ ਅਤੇ ਸ਼ਹਿਰ ਵਿੱਚ ਟ੍ਰੈਫਿਕ ਅਨੁਸ਼ਾਸਨ ਨੂੰ ਮਜ਼ਬੂਤ ਕਰਨਾ ਹੈ।
ਪਹਿਲੇ ਪੜਾਅ ਵਿੱਚ ਈ-ਚਲਾਨ ਪ੍ਰਣਾਲੀ ਹੇਠ ਜਿੰਨ੍ਹਾਂ 7 ਮੁੱਖ ਟ੍ਰੈਫਿਕ ਪੁਆਇੰਟਾਂ ’ਤੇ ਲਾਗੂ ਕੀਤੀ ਗਈ ਹੈ।ਉਨ੍ਹਾਂ ਵਿੱਚ

1. ਟੀ-ਪੁਆਇੰਟ ਅਜਨਾਲਾ ਰੋਡ (ਰਣਜੀਤ ਐਵੇਨਿਊ)
2. ਕੈਂਟੋਨਮੈਂਟ ਚੌਂਕ
3. ਕੈਨਾਲ ਆਫਿਸ ਟੀ-ਪੁਆਇੰਟ
4. ਤੰਦੂੂਰਾ ਵਾਲਾ ਚੌਂਕ
5. ਸੈਸ਼ਨ ਚੌਂਕ
6. ਨਾਵਲਟੀ ਚੌਕ
7. ਐਸ.ਐਸ.ਐਸ.ਐਸ ਚੌਕ
ਸ਼ਾਮਲ ਹਨ।
ਇਹ ਪ੍ਰਣਾਲੀ ਨਗਰ ਨਿਗਮ ਭਵਨ ਵਿੱਚ ਸਥਾਪਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਰਾਹੀਂ ਸੰਚਾਲਿਤ ਕੀਤੀ ਜਾਵੇਗੀ, ਜਿਥੋਂ 24 ਘੰਟੇ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਥਾਵਾਂ ’ਤੇ ਲਗਾਏ ਗਏ ਏ.ਆਈ ਸਮਰੱਥ ਕੈਮਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਆਪਣੇ ਆਪ ਰਿਕਾਰਡ ਕਰਨਗੇ।ਉਲੰਘਣਾ ਦੀ ਪੁਸ਼ਟੀ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ () ਅਤੇ ਅਧਿਕਾਰਤ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਈ-ਚਲਾਨ ਜਾਰੀ ਕੀਤਾ ਜਾਵੇਗਾ।
ਸ਼ੂਰੂਆਤੀ ਪੜਾਅ ਵਿੱਚ ਰੈਡ ਲਾਈਟ ਜੰਪ ਕਰਨਾ, ਨਿਰਧਾਰਿਤ ਗਤੀ ਸੀਮਾ ਤੋਂ ਵੱਧ ਰਫ਼ਤਾਰ ਨਾਲ ਵਾਹਨ ਚਲਾਉਣਾ ਅਤੇ ਗਲਤ ਦਿਸ਼ਾ ਵਿੱਚ ਵਾਹਨ ਚਲਾਉਣਾ ਸ਼ਾਮਲ ਹਨ।
ਚਲਾਨ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਇਲੈਕਟ੍ਰਾਨਿਕ ਤਰੀਕੇ ਨਾਲ ਜਾਰੀ ਕੀਤਾ ਜਾਵੇਗਾ ਅਤੇ ਵਾਹਨ ਮਾਲਕ ਦੇ ਰਜਿਸਟਰਡ ਮੋਬਾਈਲ ਨੰਬਰ ’ਤੇ ਐਸ.ਐਮ.ਐਸ ਰਾਹੀਂ ਭੇਜਿਆ ਜਾਵੇਗਾ।ਇਹ ਪ੍ਰਣਾਲੀ 28 ਮਈ 2026 ਤੋਂ ਲਾਗੂ ਹੋ ਚੁੱਕੀ ਹੈ।ਸਾਰੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨ, ਨਿਰਧਾਰਿਤ ਗਤੀ ਸੀਮਾ ਵਿੱਚ ਵਾਹਨ ਚਲਾਉਣ, ਗਲਤ ਪਾਸੇ ਵਾਹਨ ਨਾ ਚਲਾਉਣ, ਹੈਲਮੈਟ ਅਤੇ ਸੀਟ ਬੈਲਟ ਦੀ ਵਰਤੋਂ ਕਰਨ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਸੁਪਰਿੰਟੈਡਿੰਗ ਇੰਜੀਨੀਅਰ ਸੰਦੀਪ ਸਿੰਘ, ਕੋਆਰਡੀਨੇਟਰ ਪ੍ਰੇਮ ਸ਼ਰਮਾ, ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਡ ਦੇ ਅਧਿਕਾਰੀ ਅਤੇ ਕੇ.ਈ.ਸੀ ਇੰਟਰਨੈਸ਼ਨਲ ਲਿਮਿਟਡ ਦੇ ਨੁਮਾਇੰਦੇ ਵੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵਿਖੇ 3 ਰੋਜ਼ਾ ਕੁਦਰਤ ਅਤੇ ਗਣਿਤ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਵਾਤਾਵਰਣ ਅਨੁਕੂਲ …