Monday, June 8, 2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਤੇ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੱਜੇ ਜਲੌ
ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌ ਸਜਾਏ ਗਏ ਅਤੇ ਵੱਡੀ ਗਿਣਤੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ।ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਸਰਵਣ ਕਰਵਾਇਆ।
ਸਮਾਗਮ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਵੱਲੋਂ ਸਿਰਜਿਆ ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਤੇ ਪੀਰੀ ਦੇ ਸਿਧਾਂਤ ਦਾ ਪ੍ਰਤੱਖ ਪ੍ਰਗਟਾਵਾ ਹੈ।ਗੁਰੂ ਸਾਹਿਬ ਨੇ ਗੁਰਤਾਗੱਦੀ ’ਤੇ ਬਿਰਾਜਮਾਨ ਹੋ ਕੇ ਸਿੱਖਾਂ ਨੂੰ ਜਿਥੇ ਸ਼ਸ਼ਤਰਧਾਰੀ ਹੋਣ ਦਾ ਉਪਦੇਸ਼ ਕੀਤਾ, ਉਥੇ ਹੀ ਚੰਗੇ ਘੋੜੇ ਤੇ ਸ਼ਸਤਰ ਭੇਟ ਕਰਨ ਲਈ ਵੀ ਪ੍ਰੇਰਿਆ।ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਗੁਰਬਾਣੀ ਦਾ ਜਾਪ ਕਰਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਹੈ।ਗੁਰਬਾਣੀ ਦੇ ਆਸਰੇ ਨਾਲ ਹੀ ਸਿੱਖ ਯੋਧਿਆਂ ਨੇ ਵੱਡੇ-ਵੱਡੇ ਸੰਘਰਸ਼ ਲੜੇ।ਸਿੱਖ ਸਿਧਾਂਤਾਂ ਦੀ ਪ੍ਰੇਰਣਾ ਹੀ ਸੀ ਕਿ ਸਿੱਖ ਯੋਧੇ ਜ਼ੁਲਮ ਖਿਲਾਫ਼ ਫਾਂਸੀਆਂ ’ਤੇ ਚੜ੍ਹ ਗਏ।ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸੰਗਤਾਂ ਨਵੇਂ ਕਾਨੂੰਨ ਦੇ ਡਰ ਕਾਰਨ ਆਪਣੇ ਘਰਾਂ ਵਿੱਚੋਂ ਗੁਟਕਾ ਸਾਹਿਬ ਤੇ ਪੋਥੀਆਂ ਗੁਰੂ ਘਰਾਂ ਵਿੱਚ ਜਮ੍ਹਾਂ ਕਰਵਾ ਰਹੀਆਂ ਹਨ। ਜਥੇਦਾਰ ਗੜਗੱਜ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਭੈਅ ਵਿੱਚ ਨਾ ਆਉਣ ਅਤੇ ਆਪਣੇ ਘਰਾਂ ਵਿਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਅਤੇ ਪੋਥੀਆਂ ਪੂਰੇ ਸਤਿਕਾਰ ਅਤੇ ਮਰਯਾਦਾ ਨਾਲ ਰੱਖਣ, ਨਾ ਕਿ ਜਮ੍ਹਾਂ ਕਰਵਾਉਣ।ਉਨ੍ਹਾਂ ਕਿਹਾ ਕਿ ਸਾਡਾ ਆਸਰਾ ਗੁਰਬਾਣੀ ਹੈ ਅਤੇ ਕੋਈ ਵੀ ਕਾਨੂੰਨ ਸਿੱਖ ਨੂੰ ਗੁਰਬਾਣੀ ਨਾਲੋਂ ਤੋੜ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਰਕਾਰ ਨੂੰ ਕਾਨੂੰਨ ਵਿੱਚ ਕੁੱਝ ਸੋਧਾਂ ਕਰਨ ਲਈ ਆਖਿਆ ਗਿਆ ਸੀ, ਪਰ ਪੰਜਾਬ ਦੀ ਸਰਕਾਰ ਅੱਗੋਂ ਅੜੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰਕੇ ਇਸ ਮਾਮਲੇ ਸਬੰਧੀ ਸਿੱਖ ਪੰਥ ਦੇ ਨਾਮ ਆਦੇਸ਼ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਨੂੰ ਮੀਰੀ ਪੀਰੀ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਰਾਜਸੀ ਤੌਰ ’ਤੇ ਮਜ਼ਬੂਤ ਹੋਣ ਲਈ ਇਕਜੁੱਟ ਹੋਣ ਦੀ ਲੋੜ ਹੈ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਗਿਆਨੀ ਮਲਕੀਤ ਸਿੰਘ, ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਬਲਵਿੰਦਰ ਸਿੰਘ ਖੈਰਾਬਾਦ, ਦਰਬਾਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ, ਸੁਪਰਡੈਂਟ ਨਿਸ਼ਾਨ ਸਿੰਘ, ਇੰਚਾਰਜ਼ ਮਲਕੀਤ ਸਿੰਘ ਬਹਿੜਵਾਲ, ਇੰਚਾਰਜ਼ ਬਗੀਚਾ ਸਿੰਘ, ਵਧੀਕ ਮੈਨੇਜਰ ਬਿਕਰਮ ਸਿੰਘ ਝੰਗੀ, ਗੁਰਵਿੰਦਰ ਸਿੰਘ ਦੇਵੀਦਾਸਪੁਰਾ, ਯੁਵਰਾਜ ਸਿੰਘ ਤੇ ਹੋਰ ਮੌਜ਼ੂਦ ਸਨ।

Check Also

ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 122ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮ

ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਦੇ ਬਾਨੀ ਭਗਤ …