Wednesday, June 17, 2026

ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਵੱਡੀ ਪ੍ਰਾਪਤੀ

ਦੁਰਲੱਭ ਜਨਮਜਾਤ ਖਾਮੀਆਂ ਵਾਲੇ ਨਵਜੰਮੇ ਬੱਚੇ ਦੀ ਗੁੰਝਲਦਾਰ ਫੇਫੜਿਆਂ ਦੀ ਸਫਲ ਸਰਜਰੀ ਕੀਤੀ

ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) – ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਅੰਮ੍ਰਿਤਸਰ, ਗੁਰੂ ਨਾਨਕ ਦੇਵ ਹਸਪਤਾਲ ਅਤੇ ਬੀਬੇ ਨਾਨਕੀ ਮਾਤਾ ਅਤੇ ਬਾਲ ਸਿਹਤ ਸੰਭਾਲ ਹਸਪਤਾਲ ਨੇ ਬਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ।ਸੰਸਥਾ ਦੇ ਡਾਕਟਰਾਂ ਨੇ ਕਈ ਦੁਰਲੱਭ ਜਨਮਜਾਤ ਖਾਮੀਆਂ ਨਾਲ ਪੀੜਤ ਇੱਕ ਨਵਜੰਮੇ ਬੱਚੇ ਦੀ ਬਹੁਤ ਹੀ ਗੁੰਝਲਦਾਰ ਛਾਤੀ ਦੀ ਸਰਜਰੀ ਸਫਲਤਾਪੂਰਵਕ ਕਰਕੇ ਇਹ ਉਪਲੱਬਧੀ ਹਾਸਲ ਕੀਤੀ ਹੈ। ਇੱਕ ਵਿਸ਼ੇਸ਼ ਮੈਡੀਕਲ ਪ੍ਰਾਪਤੀ ਤਹਿਤ, ਗਰਭ ਅਵਸਥਾ ਦੌਰਾਨ ਜਾਂਚ ਵਿੱਚ ਜ਼ਮਾਂਦਰੂ ਪਲਮਨਰੀ ਏਅਰਵੇਅ ਮੈਲਫਾਰਮੇਸ਼ਨ (ਸੀ.ਪੀ.ਏ.ਐਸ), ਡੈਕਸਟ੍ਰੋਕਾਰਡੀਆ ਅਤੇ ਸਿਟਸ ਇਨਵਰਸਸ ਟੋਟਲਿਸ ਨਾਲ ਪੀੜਤ ਪਾਏ ਗਏ ਇੱਕ ਨਵਜੰਮੇ ਬੱਚੇ ਦੀ ਸਫਲਤਾਪੂਰਵਕ ਰਾਈਟ ਮਿਡਲ ਲੋਬੇਕਟੋਮੀ ਨਾਮਕ ਵੱਡੀ ਥੋਰੇਸਿਕ ਸਰਜਰੀ ਕੀਤੀ ਗਈ।ਸਿਰਫ਼ 2 ਕਿਲੋਗ੍ਰਾਮ ਵਜ਼ਨ ਵਾਲੇ ਇਸ ਬੱਚੇ ਨੇ ਸਰਜਰੀ ਤੋਂ ਬਾਅਦ ਚੰਗੀ ਰਿਕਵਰੀ ਕੀਤੀ ਅਤੇ 10 ਦਿਨਾਂ ਦੇ ਇਲਾਜ਼ ਉਪਰੰਤ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਬੱਚਾ ਪਿਛਲੇ ਤਿੰਨ ਦਿਨਾਂ ਤੋਂ ਆਪਣੇ ਘਰ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਥਿਰ ਹੈ।
ਇਹ ਗੁੰਝਲਦਾਰ ਸਰਜਰੀ ਡਾ. ਸੁਰਿਸ਼ਟਾ ਕੇ. ਰਾਣਾ, ਸਹਾਇਕ ਪ੍ਰੋਫੈਸਰ ਅਤੇ ਮੁਖੀ ਬਾਲ ਸਰਜਰੀ ਵਿਭਾਗ ਅਤੇ ਜੂਨੀਅਰ ਰੈਜ਼ੀਡੈਂਟ ਡਾ. ਅਕਸ਼ ਰਾਰਾ ਵੱਲੋਂ ਕੀਤੀ ਗਈ।ਅਨੱਸਥੀਸੀਆ ਵਿਭਾਗ ਦੀ ਮੁਖੀ ਪ੍ਰੋ. ਡਾ. ਵੀਨਾ ਚਤਰਥ ਦੀ ਅਗਵਾਈ ਹੇਠ ਅਨੱਸਥੀਸੀਆ ਟੀਮ, ਫੈਕਲਟੀ ਮੈਂਬਰਾਂ ਅਤੇ ਰੈਜ਼ੀਡੈਂਟ ਡਾਕਟਰਾਂ ਨੇ ਵੀ ਇਸ ਸਰਜਰੀ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਹ ਜਨਮਜਾਤ ਖਾਮੀ ਗਰਭ ਅਵਸਥਾ ਦੌਰਾਨ ਕੀਤੀ ਗਈ ਰੁਟੀਨ ਅਲਟਰਾਸਾਊਂਡ ਜਾਂਚ ਦੌਰਾਨ ਸਾਹਮਣੇ ਆਈ ਸੀ।ਜਨਮ ਤੋਂ ਪਹਿਲਾਂ ਹੀ ਬਾਲ ਸਰਜਰੀ ਟੀਮ ਵੱਲੋਂ ਮਰੀਜ਼ ਦਾ ਮੁਲਾਂਕਣ ਕੀਤਾ ਗਿਆ, ਜਿਸ ਨਾਲ ਜਨਮ ਉਪਰੰਤ ਸਮੇਂ ਸਿਰ ਇਲਾਜ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੀ।ਜਨਮ ਤੋਂ ਬਾਅਦ ਰੇਡੀਓਲੌਜੀਕਲ ਜਾਂਚਾਂ ਰਾਹੀਂ ਬਿਮਾਰੀ ਦੀ ਪੁਸ਼ਟੀ ਹੋਣ ਉਪਰੰਤ ਸਰਜਰੀ ਸਫਲਤਾਪੂਰਵਕ ਕੀਤੀ ਗਈ।
ਬੱਚੇ ਦੀ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਦੀ ਸੰਪੂਰਨ ਦੇਖ-ਭਾਲ ਪੀਡੀਆਟ੍ਰਿਕ ਯੂਨਿਟ-2 ਵਿੱਚ ਬਾਲ ਰੋਗ ਵਿਭਾਗ ਦੀ ਡਾ. ਨਿਰਮਲਜੀਤ ਕੌਰ ਅਤੇ ਬਾਲ ਸਰਜਰੀ ਵਿਭਾਗ ਦੀ ਡਾ. ਸੁਰਿਸ਼ਟਾ ਕੇ.ਰਾਣਾ ਦੀ ਨਿਗਰਾਨੀ ਹੇਠ ਕੀਤੀ ਗਈ।ਸਰਜਰੀ ਤੋਂ ਇੱਕ ਦਿਨ ਬਾਅਦ ਬੱਚੇ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ, ਦੂਜੇ ਦਿਨ ਛਾਤੀ ਦੀ ਟਿਊਬ ਕੱਢ ਦਿੱਤੀ ਗਈ ਅਤੇ ਜਲਦੀ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ ਗਿਆ। ਬੱਚੇ ਨੇ ਲਗਾਤਾਰ ਸੁਧਾਰ ਦਿਖਾਇਆ, ਪੂਰੀ ਖੁਰਾਕ ਸਹਿਣਯੋਗ ਹੋ ਗਿਆ ਅਤੇ ਸਥਿਰ ਹਾਲਤ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਡਾ. ਸੁਰਿਸ਼ਟਾ.ਕੇ ਰਾਣਾ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਲੈਵਲ-2 ਅਲਟਰਾਸਾਊਂਡ ਰਾਹੀਂ ਜਨਮਜਾਤ ਖਾਮੀਆਂ ਦੀ ਸਮੇਂ ਸਿਰ ਪਛਾਣ ਅਤੇ ਬਾਲ ਸਰਜਨਾਂ ਕੋਲ ਜਲਦੀ ਰੈਫਰਲ ਅਜਿਹੇ ਗੁੰਝਲਦਾਰ ਮਾਮਲਿਆਂ ਵਿੱਚ ਬਿਹਤਰ ਨਤੀਜੇ ਯਕੀਨੀ ਬਣਾਉਂਦੇ ਹਨ।
ਜੀ.ਐਮ.ਸੀ ਅੰਮ੍ਰਿਤਸਰ ਵਿਖੇ ਬਾਲ ਸਰਜਰੀ ਵਿਭਾਗ ਫਰਵਰੀ 2026 ਵਿੱਚ ਡਾ. ਸੁਰਿਸ਼ਟਾ.ਕੇ ਰਾਣਾ ਦੇ ਸ਼ਾਮਲ ਹੋਣ ਤੋਂ ਬਾਅਦ ਕਾਰਜਸ਼ੀਲ ਹੋਇਆ।ਆਪਣੀ ਸਥਾਪਨਾ ਤੋਂ ਬਾਅਦ ਵਿਭਾਗ ਨੇ ਪੀ.ਜੀ.ਆਈ.ਐੱਮ.ਈ.ਆਰ ਚੰਡੀਗੜ੍ਹ, ਜੀ.ਐਮ.ਸੀ ਫਰੀਦਕੋਟ ਅਤੇ ਏਮਜ਼ ਬਠਿੰਡਾ ਵਰਗੀਆਂ ਸੰਸਥਾਵਾਂ ਨੂੰ ਰੈਫਰ ਕੀਤੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਮੀ ਆਈ ਹੈ।
ਵਿਭਾਗ ਇਸ ਸਮੇਂ ਜਨਮਜਾਤ ਖਾਮੀਆਂ, ਬੱਚਿਆਂ ਦੀਆਂ ਸੱਟਾਂ, ਪਾਚਨ ਤੰਤਰ ਦੀਆਂ ਬਿਮਾਰੀਆਂ, ਡਾਇਆਫ੍ਰੈਗਮੈਟਿਕ ਅਤੇ ਹੋਰ ਹਰਨੀਆ, ਟ੍ਰੈਕੀਓਈਸੋਫੇਜੀਅਲ ਫਿਸਟੂਲਾ, ਗੁਰਦੇ ਅਤੇ ਮੂਤਰਾਸ਼ੇ ਦੀਆਂ ਬਿਮਾਰੀਆਂ, ਹਾਈਪੋਸਪੇਡੀਆਸ, ਹਾਈਡ੍ਰੋਸੈਫੇਲਸ, ਰੀੜ੍ਹ ਦੀ ਹੱਡੀ ਦੀਆਂ ਖਾਮੀਆਂ, ਬੱਚਿਆਂ ਦੇ ਕੈਂਸਰ ਅਤੇ ਛਾਤੀ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਸਮੇਤ ਕਈ ਜਟਿਲ ਰੋਗਾਂ ਦਾ ਸਰਜੀਕਲ ਇਲਾਜ ਮੁਹੱਈਆ ਕਰ ਰਿਹਾ ਹੈ। ਉੱਨਤ ਲੈਪਰੋਸਕੋਪਿਕ ਸਰਜਰੀਆਂ ਵੀ ਸਫਲਤਾਪੂਰਵਕ ਕੀਤੀਆਂ ਜਾ ਰਹੀਆਂ ਹਨ।
ਫਰਵਰੀ 2026 ਤੋਂ ਹੁਣ ਤੱਕ ਵਿਭਾਗ ਵੱਲੋਂ 330 ਤੋਂ ਵੱਧ ਮਰੀਜ਼ਾਂ ਨੂੰ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਗਿਆ ਹੈ ਅਤੇ ਜਨਮ ਤੋਂ 18 ਸਾਲ ਤੱਕ ਦੇ ਬੱਚਿਆਂ ਦੀਆਂ 70 ਤੋਂ ਵੱਧ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਲਗਭਗ 20 ਸਰਜਰੀਆਂ ਇੱਕ ਮਹੀਨੇ ਤੋਂ ਘੱਟ ਉਮਰ ਦੇ ਨਵਜੰਮੇ ਬੱਚਿਆਂ ਅਤੇ ਸ਼ਿਸ਼ੂਆਂ ਦੀਆਂ ਸਨ।
ਡਾ. ਰਾਣਾ ਨੇ ਡਾਇਰੈਕਟਰ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਮੈਡੀਕਲ ਸੁਪਰਡੈਂਟ, ਫੈਕਲਟੀ ਮੈਂਬਰਾਂ, ਰੈਜ਼ੀਡੈਂਟ ਡਾਕਟਰਾਂ ਅਤੇ ਸਹਾਇਕ ਸਟਾਫ਼ ਦਾ ਬਾਲ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਮਿਲ ਰਹੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।
ਇਹ ਉਪਲਬਧੀ ਪੰਜਾਬ ਵਿੱਚ ਵਿਸ਼ੇਸ਼ ਬਾਲ ਸਰਜਰੀ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਜੀ.ਐੱਮ.ਸੀ. ਅੰਮ੍ਰਿਤਸਰ ਦੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰ ਦੇ ਨੇੜੇ ਹੀ ਉੱਚ ਪੱਧਰੀ ਅਤੇ ਜੀਵਨ ਰੱਖਿਅਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।

 

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …