ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਇਸ ਮਹਾਨ ਕਾਰਜ਼ ਰਾਹੀਂ ਜ਼ਿੰਦਗੀਆਂ ਬਚਾਉਣ ਲਈ ਪ੍ਰੇਰਿਤ ਕਰਨ ਦੇ ਉਦਸ਼ ਨਾਲ ਇੱਕ ਜਾਗਰੂਕਤਾ ਮੁਹਿੰਮ ਚਲਾਈ ਗਈ।
ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿਵਲ ਸਰਜਨ ਡਾ. ਰਸ਼ਮੀ ਵਿਜ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੂਨ ਦੀ ਇੱਕ ਯੂਨਿਟ ਕਈ ਕੀਮਤੀ ਜ਼ਿੰਦਗੀਆਂ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖ਼ੂਨਦਾਨ ਨਾਲ ਸੰਬੰਧਿਤ ਭਰਮਾਂ ਨੂੰ ਦੂਰ ਕਰਕੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣ।
ਉਹਨਾਂ ਆਖਿਆ ਕਿ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ, ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ, ਸਰਜਰੀ ਕਰਵਾ ਰਹੇ ਵਿਅਕਤੀਆਂ, ਜਣੇਪੇ ਦੌਰਾਨ ਮਹਿਲਾਵਾਂ ਅਤੇ ਥੈਲੇਸੀਮੀਆ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਸੁਰੱਖਿਅਤ ਖ਼ੂਨ ਦੀ ਲਗਾਤਾਰ ਲੋੜ ਰਹਿੰਦੀ ਹੈ।ਇਸ ਲੋੜ ਨੂੰ ਪੂਰਾ ਕਰਨ ਲਈ ਹਰ ਯੋਗ ਨਾਗਰਿਕ ਨੂੰ ਨਿਯਮਿਤ ਤੌਰ `ਤੇ ਸਵੈਇੱਛਕ ਖ਼ੂਨਦਾਨ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ।
ਸਮੂਹ ਸਟਾਫ ਅਤੇ ਆਮ ਲੋਕਾਂ ਵੱਲੋਂ ਖ਼ੂਨਦਾਨ ਕਰਨ ਸਬੰਧੀ ਸੌਂਹ ਚੁੱਕੀ ਗਈ ਅਤੇ ਇਸ ਦੇ ਨਾਲ ਹੀ ਇੱਕ ਨੁੱਕੜ ਨਾਟਕ ਅਤੇ ਰੈਲੀ ਰਾਹੀਂ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ, ਸਿਹਤ ਅਫਸਰ ਡਾ. ਜਸਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਬਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤਵਿਨ, ਜ਼ਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਬੀ.ਟੀ.ਓ ਡਾ ਰੇਖਾ ਰਾਣਾ, ਡਾ ਵਰਨ ਜੋਸ਼ੀ, ਕੁਲਦੀਪ ਕੌਰ, ਨੀਨਾ ਰਾਮਪਾਲ, ਨਿਮਰਤਾ, ਸਮੇਤ ਸਮੂਹ ਸਟਾਫ ਹਾਜ਼ਰ ਸੀ।
Check Also
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਵੱਡੀ ਪ੍ਰਾਪਤੀ
ਦੁਰਲੱਭ ਜਨਮਜਾਤ ਖਾਮੀਆਂ ਵਾਲੇ ਨਵਜੰਮੇ ਬੱਚੇ ਦੀ ਗੁੰਝਲਦਾਰ ਫੇਫੜਿਆਂ ਦੀ ਸਫਲ ਸਰਜਰੀ ਕੀਤੀ ਅੰਮ੍ਰਿਤਸਰ, 17 …
Punjab Post Daily Online Newspaper & Print Media