Wednesday, July 15, 2026

ਨੈਸ਼ਨਲ ਥੀਏਟਰ ਫੈਸਟੀਵਲ 2026 ਮੌਕੇ ‘ਵੰਦੇ ਮਾਤਰਮ ਜੰਗ-ਏ-ਅਜ਼ਾਦੀ’ ਦਾ ਮੰਚਣ

ਅੰਮ੍ਰਿਤਸਰ, 15 ਜੁਲਾਈ (ਦੀਪ ਦਵਿੰਦਰ ਸਿੰਘ) – ਸਭਿਆਚਾਰਕ ਮਾਮਲੇ ਵਿਭਾਗ (ਭਾਰਤ ਸਰਕਾਰ) ਅਤੇ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਵੰਦੇ ਮਾਤਰਮ’ ਰਾਸ਼ਟਰੀ ਗੀਤ ਦੇ 150 ਸਾਲਾ ਸਮਾਰੋਹ ਨੂੰ ਸਮਰਪਿਤ ਮਹਾਂਕਵੀ ਕਾਲੀਦਾਸ ਜੀ ਦੀ ਜੈਂਯਤੀ ਮੌਕੇ ਨੈਸ਼ਨਲ ਥੀਏਟਰ ਫੈਸਟੀਵਲ 2026 ਮੌਕੇ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਸ਼਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਸਾਜਨ ਕੋਹਿਨੂਰ ਦਾ ਨਿਰਦੇਸ਼ਿਤ ਕੀਤਾ ਨਾਟਕ ‘ਵੰਦੇ ਮਾਤਰਮ ਜੰਗ-ਏ-ਅਜ਼ਾਦੀ’ ਦਾ ਮੰਚਣ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਵੰਦੇ ਮਾਤਰਮ ਥੀਮ ’ਤੇ ਅਧਾਰਿਤ 150 ਨਾਟਕਾਂ ਦਾ ਸ਼ੋਅ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਇਕੋ ਟਾਈਮ ‘ਤੇ ਹੋਇਆ।ਇਹ ਸਾਰਾ ਸਮਾਗਮ ਲਾਇਵ ਟੈਲੀਕਾਸਟ ਵੀ ਕੀਤਾ ਗਿਆ।
ਇਹ ਨਾਟਕ ਜੰਗ-ਏ-ਆਜ਼ਾਦੀ (ਵੰਦੇ ਮਾਤਰਮ) ਨਾਟਕ 1857 ਤੋਂ ਝਾਂਸੀ ਦੀ ਰਾਣੀ, ਮੰਗਲ ਪਾਂਡੇ ਅਤੇ ਹੋਰ ਸ਼ਹੀਦਾਂ ਦੇ ਹਵਾਲੇ ਨਾਲ ਸ਼ੁਰੂ ਹੋਇਆ ਸੀ।ਫਿਰ ਇਹ ਨਾਟਕ ਪੰਜਾਬ ਦੇ ਜੰਗ-ਏ-ਆਜ਼ਾਦੀ ਅੰਦੋਲਨ ਵਿੱਚ ‘ਪਗੜੀ ਸੰਭਾਲ ਜੱਟਾ’ ਗੀਤ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨਾਲ ਅੱਗੇ ਤੁਰਦਾ ਹੈ।ਇਹ ਨਾਟਕ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਦੋਸਤਾਂ ਦੀਆਂ ਕੁਰਬਾਨੀਆਂ ਦੀ ਸਿਰਫ ਇਤਿਹਾਸਕ ਕਹਾਣੀ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਅਤੀਤ ਨੂੰ ਇਸ ਤਰ੍ਹਾਂ ਉਭਾਰਦਾ ਹੈ, ਜਿਵੇਂ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਘਟਨਾ ਵਾਪਰ ਰਹੀਂ ਹੋਵੇ।ਨਾਟਕ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਦੋਸਤਾਂ ਦੇ ਸੁਪਨਿਆਂ ਦੀ ਗੱਲ ਕਰਦਾ ਹੈ।ਉਹ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗੀਤ ਗਾਉਂਦਾ ਹੈ।ਬਸੰਤੀ ਰੰਗ ਜੀਵਨ ਦਾ ਰੰਗ ਹੈ, ਜਿਵੇਂ ਪਤਝੜ ਤੋਂ ਬਾਅਦ ਬਸੰਤ ਬਹਾਰ ਆਉਂਦੀ ਹੈ।ਉਸੇ ਤਰ੍ਹਾਂ ਜਦੋਂ ਲੋਕ ਆਜ਼ਾਦੀ ਦੀ ਜ਼ਿੰਦਗੀ ਜਿਊਣਗੇ ਤਾਂ ਲੋਕਾਂ ਦੇ ਚਿਹਰੇ ਬਸੰਤ ਦੇ ਫੁੱਲਾਂ ਵਾਂਗ ਖਿੜ ਜਾਣਗੇ।ਨਾਟਕ ਆਜ਼ਾਦੀ ਦੀ ਲਹਿਰ ਅਤੇ ਵੰਦੇ ਮਾਤਰਮ ਅੰਦੋਲਨ ਦੀ ਮਹੱਤਤਾ ਤੇ ਵੰਦੇ ਮਾਤਰਮ ਗੀਤ ਨਾਲ ਖਤਮ ਹੁੰਦਾ ਹੈ।
ਇਸ ਨਾਟਕ ਵਿੱਚ ਸਾਜਨ ਕੋਹਿਨੂਰ, ਗੁਰਦਿੱਤਪਾਲ ਸਿੰਘ, ਵਿਸ਼ੂ ਸ਼ਰਮਾ, ਡੋਲੀ ਸੱਡਲ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਨਿਤਿਨ ਕਪੂਰ, ਕਬੀਰ, ਅਕਾਸ਼ਦੀਪ ਆਦਿ ਨੇ ਕਿਰਦਾਰ ਨਿਭਾਏ।ਨਾਟਕ ਦਾ ਗੀਤ ਤੇ ਸੰਗੀਤ ਕਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ।
ਇਸ ਮੌਕੇ ਅਦਾਕਾਰਾ ਜਤਿੰਦਰ ਕੌਰ, ਅਰਵਿੰਦਰ ਕੌਰ ਧਾਲੀਵਾਲ, ਰਸ਼ਮੀ ਨੰਦਾ, ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਭੁਪਿੰਦਰ ਸਿੰਘ ਸੰਧੂ, ਦਲਜੀਤ ਸੋਨਾ, ਪ੍ਰਗਟ ਸਿੰਘ ਸਮੇਤ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਵਿਧਾਇਕਾ ਜੀਵਨਜੋਤ ਕੌਰ ਨੇ ਗਣਪਤੀ ਐਸਟੇਟ ਵਿਖੇ ਨਵੀਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦੇ ਕੰਮ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨਜੋਤ …